ਚੇੱਨਈ (ਪੀਟੀਆਈ) : ਵੈਸਟਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਵਨ ਡੇ ਮੈਚਾਂ ਵਿਚ ਬਿਹਤਰ ਪ੍ਰਦਰਸ਼ਨ ਕਰਨ ਦੇ 'ਮਿਸ਼ਨ' 'ਤੇ ਹੈ ਪਰ ਸ਼ਾਇਦ ਢੁੱਕਵੇਂ ਨਤੀਜੇ ਤੁਰੰਤ ਨਾ ਮਿਲਣ।

ਪੋਲਾਰਡ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਪਿਛਲੇ ਮਹੀਨੇ ਅਫ਼ਗਾਨਿਸਤਾਨ ਖ਼ਿਲਾਫ਼ ਸੀਰੀਜ਼ ਵਿਚ 3-0 ਦੀ ਜਿੱਤ ਦੀ ਲੈਅ ਨੂੰ ਅੱਗੇ ਵਧਾਉਣਾ ਚਾਹੇਗੀ। ਪੋਲਾਰਡ ਨੇ ਇੱਥੇ ਵਨ ਡੇ ਮੈਚ ਤੋਂ ਪਹਿਲਾਂ ਕਿਹਾ ਕਿ ਅਸੀਂ ਇਕ ਮਿਸ਼ਨ 'ਤੇ ਹਾਂ ਤੇ ਸਾਡੀ ਰਣਨੀਤੀ ਸਪੱਸ਼ਟ ਹੈ ਕਿ 50 ਓਵਰਾਂ ਦੀ ਕ੍ਰਿਕਟ ਵਿਚ ਕੀ ਰੁਖ਼ ਅਪਣਾਉਣਾ ਹੈ।

ਇਸ ਲਈ ਇਕ ਪ੍ਰੀਕਿਰਿਆ ਹੈ ਅਤੇ ਅਸੀਂ ਅਸਲ ਵਿਚ ਇਸ 'ਚੋਂ ਗੁਜ਼ਰ ਰਹੇ ਹਾਂ। ਅਫ਼ਗਾਨਿਸਤਾਨ ਖ਼ਿਲਾਫ਼ ਸਾਡੀ ਸੀਰੀਜ਼ ਚੰਗੀ ਰਹੀ। ਹੁਣ ਅਸੀਂ ਬਿਹਤਰ ਟੀਮ ਭਾਰਤ ਖ਼ਿਲਾਫ਼ ਖੇਡਣ ਜਾ ਰਹੇ ਹਾਂ। ਵਨ ਡੇ ਦੀ ਰਣਨੀਤੀ ਬਾਰੇ ਚਰਚਾ ਹੋਈ ਹੈ ਤੇ ਖਿਡਾਰੀਆਂ ਨੂੰ ਆਪਣੀ ਭੂਮਿਕਾ ਤੇ ਜ਼ਿੰਮੇਵਾਰੀਆਂ ਦੀ ਜਾਣਕਾਰੀ ਹੈ।