ਤਿਰੁਅੰਨਤਪੁਰਮ (ਜੇਐੱਨਐੱਨ) : ਜਲਜ ਸਕਸੈਨਾ (23.1 ਓਵਰ, 51 ਦੌੜਾਂ, ਸੱਤ ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਕੇਰਲ ਨੇ ਰਣਜੀ ਮੈਚ ਦੇ ਤੀਜੇ ਦਿਨ ਪੰਜਾਬ ਨੂੰ 21 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਹੀ ਕੇਰਲ ਨੂੰ ਛੇ ਅੰਕ ਮਿਲੇ ਹਨ ਪਰ ਪੰਜਾਬ ਅਜੇ ਵੀ 18 ਅੰਕਾਂ ਨਾਲ ਗਰੁੱਪ ਏ ਤੇ ਬੀ ਦੀ ਅੰਕ ਸੂਚੀ ਵਿਚ ਚੋਟੀ 'ਤੇ ਹੈ। ਸੋਮਵਾਰ ਨੂੰ ਦੂਜੀ ਪਾਰੀ ਵਿਚ ਕੇਰਲ ਦੀ ਟੀਮ ਪੰਜ ਵਿਕਟਾਂ 'ਤੇ 88 ਦੌੜਾਂ ਤੋਂ ਅੱਗੇ ਖੇਡਣ ਉਤਰੀ। ਅਜ਼ਹਰੂਦੀਨ ਨੇ 27 ਤੇ ਨਿਜਰ ਨੇ 28 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਹੋਰ ਖਿਡਾਰੀ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੇ। ਇਸ ਤਰ੍ਹਾਂ ਪੂਰੀ ਟੀਮ 136 ਦੌੜਾਂ 'ਤੇ ਪਵੇਲੀਅਨ ਮੁੜ ਗਈ। ਜਿੱਤ ਲਈ ਪੰਜਾਬ ਨੂੰ 146 ਦੌੜਾਂ ਦਾ ਟੀਚਾ ਮਿਲਿਆ। ਪਰ ਦੂਜੀ ਪਾਰੀ ਖੇਡਣ ਆਈ ਪੰਜਾਬ ਦੀ ਟੀਮ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ। ਉਹ ਸਿਰਫ਼ 124 ਦੌੜਾਂ 'ਤੇ ਆਲ ਆਊਟ ਹੋ ਗਈ। ਕੇਰਲ ਦੇ ਗੇਂਦਬਾਜ਼ ਜਲਜ ਸਕਸੈਨਾ ਨੇ ਸੱਤ ਵਿਕਟਾਂ ਹਾਸਲ ਕਰ ਕੇ ਸੌਖੇ ਟੀਚੇ ਨੂੰ ਪੰਜਾਬ ਲਈ ਮੁਸ਼ਕਲ ਬਣਾ ਦਿੱਤਾ। ਇਸ ਤੋਂ ਪਹਿਲਾਂ ਕੇਰਲ ਦੇ ਗੇਂਦਬਾਜ਼ ਨਿਧੀਸ਼ ਨੇ ਸੱਤ ਵਿਕਟਾਂ ਹਾਸਲ ਕੀਤੀਆਂ ਸਨ। ਪੰਜਾਬ ਵੱਲੋਂ ਸਨਵੀਰ ਨੇ 18, ਗੁਰਕੀਰਤ ਨੇ 18, ਕਪਤਾਨ ਮਨਦੀਪ ਨੇ 10, ਅਨਮੋਲ ਮਲਹੋਤਰਾ ਨੇ 14, ਮਾਰਕੰਡੇ ਨੇ 23, ਵਿਨੇ ਚੌਧਰੀ ਨੇ 10 ਤੇ ਸਿਧਾਰਥ ਕੌਲ ਨੇ 22 ਦੌੜਾਂ ਬਣਾਈਆਂ।

ਸੰਖੇਪ ਸਕੋਰ


ਕੇਰਲ (ਪਹਿਲੀ ਪਾਰੀ) 227 ਦੌੜਾਂ, ਦੂਜੀ ਪਾਰੀ 136 ਦੌੜਾਂ


ਪੰਜਾਬ (ਪਹਿਲੀ ਪਾਰੀ) 218 ਦੌੜਾਂ ਤੇ ਦੂਜੀ ਪਾਰੀ 124 ਦੌੜਾਂ

Posted By: Rajnish Kaur