ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਅੰਡਰ 19 ਕ੍ਰਿਕਟ ਟੀਮ ਇਸ ਸਮੇਂ ਦੱਖਣੀ ਅਫਰੀਕਾ ਵਿਚ ਹੈ ਤੇ ਉਥੇ ਅਫ਼ਗਾਨਿਸਤਾਨ ਅੰਡਰ-19 ਟੀਮ ਖ਼ਿਲਾਫ਼ ਟੀਮ ਦੇ ਗੇਂਦਬਾਜ਼ ਕਾਰਤਿਕ ਤਿਆਗੀ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਇਸ ਮੈਚ ਦੇ ਪਹਿਲੇ ਹੀ ਓਵਰ ਵਿਚ ਹੈਟਿ੍ਕ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ 'ਤੇ 255 ਦੌੜਾਂ ਬਣਾਈਆਂ।

ਅਫ਼ਗਾਨਿਸਤਾਨ ਨੂੰ ਜਿੱਤ ਲਈ 256 ਦੌੜਾਂ ਦਾ ਟੀਚਾ ਮਿਲਿਆ ਪਰ ਇਹ ਟੀਮ ਸ਼ੁਰੂਆਤ ਵਿਚ ਬੁਰੀ ਤਰ੍ਹਾਂ ਲੜਖੜਾ ਗਈ। ਦੂਜੀ ਪਾਰੀ ਵਿਚ ਟੀਚੇ ਦਾ ਪਿੱਛਾ ਕਰਨ ਉਤਰੀ ਅਫ਼ਗਾਨਿਸਤਾਨ ਦੀ ਟੀਮ ਨੂੰ ਭਾਰਤੀ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਨੇ ਪਾਰੀ ਦੇ ਪਹਿਲੇ ਹੀ ਓਵਰ ਵਿਚ ਵੱਡਾ ਝਟਕਾ ਦੇ ਦਿੱਤਾ। ਕਾਰਤਿਕ ਨੇ ਪਾਰੀ ਦੇ ਪਹਿਲੇ ਓਵਰ ਦੀ ਦੂਜੀ ਗੇਂਦ 'ਤੇ ਕਪਤਾਨ ਫ਼ਰਹਾਨ ਜਾਖਿਲ ਨੂੰ ਜ਼ੀਰੋ ਦੇ ਸਕੋਰ 'ਤੇ ਧਰੁਵ ਜੁਰੈਲ ਹੱਥੋਂ ਕੈਚ ਆਊਟ ਕਰਵਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਓਵਰ ਦੀ ਤੀਜੀ ਗੇਂਦ 'ਤੇ ਸੈਦਿਕਲਾਹ ਅਟਲ ਨੂੰ ਵੀ ਜ਼ੀਰੋ 'ਤੇ ਕਲੀਨ ਬੋਲਡ ਕਰ ਦਿੱਤਾ। ਫਿਰ ਓਵਰ ਦੀ ਚੌਥੀ ਗੇਂਦ 'ਤੇ ਉਨ੍ਹਾਂ ਨੇ ਰਮਾਨੁੱਲ੍ਹਾ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਉਨ੍ਹਾਂ ਨੂੰ ਵੀ ਕੋਈ ਦੌੜ ਬਣਾਏ ਬਿਨਾ ਬੋਲਡ ਕਰ ਕੇ ਪਵੇਲੀਅਨ ਦੀ ਰਾਹ ਦਿਖਾ ਦਿੱਤੀ।