ਜੇਐੱਨਐੱਨ, ਨਵੀਂ ਦਿੱਲੀ - ਭਾਰਤੀ ਕ੍ਰਿਕਟ ਟੀਮ ਦੇ ਪਹਿਲੇ ਵਨਡੇ ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ਨੇ ਜਦੋਂ 'ਕਪਿਲ ਇਲੈਵਨ' ਟੀਮ ਦੀ ਚੋਣ ਕੀਤੀ ਤਾਂ ਉਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਕੋਈ ਵੀ ਖਿਡਾਰੀ ਐੱਮਐੱਸ ਧੋਨੀ ਦੀ ਜਗ੍ਹਾ ਨਹੀਂ ਲੈ ਸਕਦਾ। ਕਪਿਲ ਦੇਵ ਦੀ ਕਪਤਾਨੀ 'ਚ 1983 'ਚ ਪਹਿਲੀ ਵਾਰ ਟੀਮ ਇੰਡੀਆ ਨੇ ਵਨਡੇ ਵਰਲਡ ਕੱਪ ਦਾ ਖਿਤਾਬ ਜਿੱਤਿਆ ਸੀ ਤੇ ਉਸ ਤੋਂ ਬਾਅਦ 28 ਸਾਲ ਬਾਅਦ ਐੱਮਐੱਸ ਧੋਨੀ ਦੀ ਕਪਤਾਨੀ 'ਚ ਟੀਮ ਇੰਡੀਆ ਨੇ 2011 'ਚ ਦੂਸਰੀ ਵਾਰ ਇਹ ਸਫਲਤਾ ਹਾਸਿਲ ਕੀਤੀ ਸੀ। ਕਪਿਲ ਤੇ ਧੋਨੀ ਦੀ ਹੀ ਕਪਤਾਨੀ 'ਚ ਭਾਰਤ ਨੇ ਹੁਣ ਤਕ ਦੋ ਵਾਰ ਵਨਡੇ ਵਰਲਡ ਕੱਪ ਖਿਤਾਬ ਜਿੱਤੇ ਹਨ।

ਐੱਮਐੱਸ ਧੋਨੀ ਪ੍ਰਤੀ ਕਪਿਲ ਦੇਵ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ ਤੇ ਉਨ੍ਹਾਂ ਨੇ ਹਮੇਸ਼ਾ ਹੀ ਮਾਹੀ ਦੀ ਖ਼ੂਬ ਪ੍ਰਸ਼ੰਸਾ ਕੀਤੀ ਹੈ। ਹੁਣ ਕਪਿਲ ਦੇਵ ਨੇ ਇਕ ਚੈਟ ਸ਼ੋਅ 'ਚ ਹਿੱਸਾ ਲਿਆ ਤੇ ਇਸ ਦੌਰਾਨ ਅਦਾਕਾਰਾ ਨੇਹੀ ਧੂਪੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਪਿਲ ਇਲੈਵਨ ਦੀ ਚੋਣ ਕੀਤੀ। ਨੇਹਾ ਨੇ ਕਪਿਲ ਨੂੰ ਕਿਹਾ ਕਿ ਜੇ ਉਹ ਕਪਿਲ ਇਲੈਵਨ ਦੀ ਚੋਣ ਕਰਨਗੇ ਤਾਂ ਕਿਨ੍ਹਾਂ ਖਿਡਾਰੀਆਂ ਨੂੰ ਆਪਣੀ ਟੀਮ 'ਚ ਚੁÎਣਨਗੇ।

ਇਸ ਤੋਂ ਬਾਅਦ ਕਪਿਲ ਨੇ ਸਟਾਰ ਕ੍ਰਿਕਟਰਾਂ ਨਾਲ ਵਨਡੇ ਟੀਮ ਦੀ ਚੋਣ ਕੀਤੀ, ਜਿਸ 'ਚ ਐੱਮਐੱਸ ਧੋਨੀ ਨੂੰ ਵਿਕਟਕੀਪਰ-ਬੱਲੇਬਾਜ਼ ਵਜੋਂ ਸ਼ਾਮਿਲ ਕੀਤਾ। ਉਨ੍ਹਾਂ ਆਪਣੀ ਟੀਮ 'ਚ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਨੂੰ ਸ਼ਾਮਿਲ ਕੀਤਾ ਤਾਂ ਇਸ ਤੋਂ ਬਾਅਦ ਕਪਿਲ ਨੇ ਆਪਣੀ ਟੀਮ 'ਚ ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਜ਼ਹੀਰ ਖ਼ਾਨ, ਮੌਜੂਦਾ ਇੰਡੀਆ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਆਪਣੀ ਟੀਮ 'ਚ ਜਗ੍ਹਾ ਦਿੱਤੀ।

ਕਪਿਲ ਨੇ ਕਿਹਾ ਕਿ ਵਨਡੇ ਮੈਚ ਤੇ ਟੈਸਟ ਮੈਚ 'ਚ ਕਾਫ਼ੀ ਫ਼ਰਕ ਹੈ ਤੇ ਵਨਡੇ ਦੀ ਗੱਲ ਹੋਵੇ ਤਾਂ ਨਿਸ਼ਚਿਤ ਤੌਰ 'ਤੇ ਸਚਿਨ, ਸਹਿਵਾਗ, ਵਿਰਾਟ, ਰਾਹੁਲ ਦ੍ਰਾਵਿੜ, ਯੁਵਰਾਜ ਸਿੰਘ ਮੇਰੀ ਟੀਮ 'ਚ ਹੋਣਗੇ। ਮੇਰੀ ਟੀਮ 'ਚ ਵਿਕਟ ਕੀਪਰ ਵਜੋਂ ਸਿਰਫ਼ ਧੋਨੀ ਹੋਣਗੇ ਤੇ ਉਨ੍ਹਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਇਸ ਤੋਂ ਬਾਅਦ ਉਨ੍ਹਾਂ ਨੇ ਟੀਮ 'ਚ ਤੇਜ਼ ਗੇਂਦਬਾਜ਼ ਵਜੋਂ ਜ਼ਹੀਰ ਖ਼ਾਨ, ਸ਼੍ਰੀਨਾਥ ਤੇ ਜਸਪ੍ਰੀਤ ਬੁਮਰ੍ਹਾ ਦੀ ਚੋਣ ਕੀਤੀ ਹੈ। ਸਪਿੱਨਰ ਦੇ ਤੌਰ 'ਤੇ ਉਨ੍ਹਾਂ ਨੇ ਟੀਮ 'ਚ ਅਨਿਲ ਕੁੰਬਲੇ ਤੇ ਹਰਭਜਨ ਸਿੰਘ ਨੂੰ ਥਾਂ ਦਿੱਤੀ।

Posted By: Harjinder Sodhi