ਨਵੀਂ ਦਿੱਲੀ (ਜੇਐੱਨਐੱਨ) : ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਇਆਨ ਬਿਸ਼ਪ ਦਾ ਮੰਨਣਾ ਹੈ ਕਿ ਮੌਜੂਦਾ ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਨੇ ਇਕ ਚੰਗੀ ਨੀਂਹ ਤਿਆਰ ਕੀਤੀ ਹੈ ਪਰ ਪਿਛਲੇ ਸਮੇਂ ਵਿਚ ਉਹ ਜਿਸ ਤਰ੍ਹਾਂ ਪ੍ਰਦਰਸ਼ਨ ਕਰ ਰਹੇ ਹਨ ਇਸ ਬਾਰੇ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ। ਉਨ੍ਹਾਂ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਅਜਿਹਾ ਗੇਂਦਬਾਜ਼ ਇਕ ਪੀੜ੍ਹੀ ਵਿਚ ਇਕ ਵਾਰ ਹੀ ਆਉਂਦਾ ਹੈ। ਬਿਸ਼ਪ ਨੇ ਕਿਹਾ ਕਿ ਭਾਰਤ ਦੇ ਅਗਲੇ ਪੱਧਰ ਦੇ ਤੇਜ਼ ਗੇਂਦਬਾਜ਼ਾਂ ਦੇ ਸਮੂਹ ਦੀ ਨੀਂਹ ਦਿੱਗਜ ਕਪਿਲ ਦੇਵ ਵਰਗੇ ਖਿਡਾਰੀਆਂ ਨੇ ਰੱਖੀ ਸੀ ਤੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਇਸ ਨੂੰ ਮਜ਼ਬੂਤ ਕੀਤਾ ਹੈ, ਜੋ ਕਾਫੀ ਹਮਲਾਵਰ ਹੋ ਕੇ ਖੇਡਣ 'ਚ ਯਕੀਨ ਰੱਖਦੇ ਹਨ। 52 ਸਾਲਾ ਬਿਸ਼ਪ ਨੇ ਕਿਹਾ ਕਿ ਯਾਦ ਰਹੇ ਕਿ ਗੇਂਦਬਾਜ਼ਾਂ ਦਾ ਇਹ ਸਮੂਹ ਹੁਣ ਤਿਆਰ ਨਹੀਂ ਹੋਇਆ ਹੈ। ਇਸ ਦੀ ਬੁਨਿਆਦ ਪਹਿਲਾਂ ਹੀ ਰੱਖੀ ਜਾ ਚੁੱਕੀ ਸੀ। ਜੇ ਤੁਸੀਂ ਕਪਿਲ ਦੇਵ ਦੇ ਯੁਗ ਵਿਚ ਜਾਓਗੇ ਤਾਂ ਇਸ ਤੋਂ ਬਾਅਦ ਜਵਾਗਲ ਸ਼੍ਰੀਨਾਥ, ਜ਼ਹੀਰ ਖ਼ਾਨ, ਮੁਨਾਫ ਪਟੇਲ, ਐੱਸ ਸ਼੍ਰੀਸੰਥ ਵਰਗੇ ਤੇਜ਼ ਗੇਂਦਬਾਜ਼ ਦੇਖਣ ਨੂੰ ਮਿਲਣਗੇ ਹੁਣ ਇਸ ਨੂੰ ਇਕ ਅਜਿਹੇ ਕਪਤਾਨ ਮਜ਼ਬੂਤੀ ਦੇ ਰਹੇ ਹਨ ਜੋ ਉਨ੍ਹਾਂ 'ਤੇ ਯਕੀਨ ਕਰਦੇ ਹਨ ਪਰ ਨਾਲ ਹੀ ਇਹ ਵੀ ਤੱਥ ਹੈ ਕਿ ਤੁਹਾਨੂੰ ਜਸਪ੍ਰਰੀਤ ਬੁਮਰਾਹ ਵਰਗੀ ਪੀੜ੍ਹੀ ਵਿਚ ਇਕ ਵਾਰ ਮਿਲਣ ਵਾਲੀ ਯੋਗਤਾ ਮਿਲੀ ਹੈ। ਪੀੜ੍ਹੀ ਵਿਚ ਇਕ ਵਾਰ ਮਿਲਣ ਵਾਲੀ ਯੋਗਤਾ ਇਸ ਲਈ ਕਿਉਂਕਿ ਉਹ ਖੇਡ ਦੇ ਸਾਰੇ ਫਾਰਮੈਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਮੁਹੰਮਦ ਸ਼ਮੀ ਆਪਣੀ ਖੇਡ ਨੂੰ ਇਕ ਵੱਖਰੇ ਪੱਧਰ ਤਕ ਲੈ ਕੇ ਗਏ ਹਨ। ਇਸ਼ਾਂਤ ਸ਼ਰਮਾ ਵੀ ਇਕ ਹੋਰ ਪੱਧਰ 'ਤੇ ਪੁੱਜ ਚੁੱਕੇ ਹਨ। ਵੈਸਟਇੰਡੀਜ਼ ਵੱਲੋਂ 43 ਟੈਸਟ ਮੈਚ ਖੇਡਣ ਵਾਲੇ ਬਿਸ਼ਪ ਨੇ ਅੱਗੇ ਕਿਹਾ ਕਿ ਮੈਂ ਇਹ ਕਦੀ ਭਵਿੱਖਵਾਣੀ ਵੀ ਨਹੀਂ ਕਰ ਸਕਦਾ ਸੀ ਕਿ ਭਾਰਤੀ ਤੇਜ਼ ਗੇਂਦਬਾਜ਼ ਕੈਰੇਬਿਆਈ ਧਰਤੀ (ਵੈਸਟਇੰਡੀਜ਼) ਆਉਣਗੇ ਤੇ ਉਹ ਕਰਨਗੇ ਜੋ ਉਹ (ਵੈਸਟਇੰਡੀਜ਼) ਹੋਰ ਟੀਮਾਂ ਨਾਲ ਕਈ ਦਹਾਕੇ ਪਹਿਲਾਂ ਕਰਿਆ ਕਰਦਾ ਸੀ। ਇਸ ਦਾ ਮਾਣ ਗੇਂਦਬਾਜ਼ੀ ਕੋਚ ਭਰਤ ਅਰੁਣ, ਪ੍ਰਸ਼ਾਸਕਾਂ ਤੇ ਕਪਤਾਨ ਨੂੰ ਜਾਂਦਾ ਹੈ। ਮੈਂ ਇੰਨਾ ਸੁਧਾਰ ਨਹੀਂ ਦੇਖਿਆ ਸੀ ਪਰ ਮੈਨੂੰ ਲਗਦਾ ਹੈ ਕਿ ਉਨ੍ਹਾਂ ਗੇਂਦਬਾਜ਼ਾਂ ਵਿਚ ਕਾਫੀ ਯੋਗਤਾ ਹੁੰਦੀ ਹੈ ਜੋ 90 ਮੀਲ ਪ੍ਰਤੀ ਘੰਟਾ ਜਾਂ ਉਸ ਤੋਂ ਜਿਆਦਾ ਦੀ ਸਪੀਡ ਨਾਲ ਗੇਂਦਬਾਜ਼ੀ ਕਰ ਸਕਦੇ ਹਨ।

ਵਿੰਡੀਜ਼ ਟੀਮ ਦੇ ਪੁਰਾਣੇ ਹਮਲੇ ਨਾਲ ਤੁਲਨਾ ਨਹੀਂ :

ਬਿਸ਼ਪ ਨੇ ਭਾਰਤ ਦੇ ਮੌਜੂਦਾ ਤੇਜ਼ ਗੇਂਦਬਾਜ਼ੀ ਹਮਲੇ ਦੀ ਤੁਲਨਾ ਪਹਿਲਾਂ ਦੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ਾਂ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ (ਭਾਰਤੀ ਗੇਂਦਬਾਜ਼) ਪ੍ਰਦਰਸ਼ਨ ਹੀ ਇੰਨਾ ਚੰਗਾ ਕਰ ਰਹੇ ਹਨ ਕਿ ਤੁਲਨਾ ਹੋਣੀ ਹੀ ਹੈ। ਮੈਂ ਇਸ ਤੋਂ ਦੂਰ ਰਹਿਣਾ ਚਾਹਾਂਗਾ ਕਿਉਂਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਕਿਸ ਤਰ੍ਹਾਂ ਇਸ ਨੂੰ ਦੇਖਦੇ ਹੋਏ।