ਵੇਲਿੰਗਟਨ (ਪੀਟੀਆਈ) : ਨਿਊਜ਼ੀਲੈਂਡ ਕ੍ਰਿਕਟ (ਐੱਨਜ਼ੈੱਡਸੀ) ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਕੇਨ ਵਿਲੀਅਮਸਨ ਦੀ ਟੈਸਟ ਕਪਤਾਨੀ 'ਤੇ ਖ਼ਤਰਾ ਮੰਡਰਾਅ ਰਿਹਾ ਹੈ ਤੇ ਉਨ੍ਹਾਂ ਦੀ ਥਾਂ ਟਾਮ ਲਾਥਮ ਨੂੰ ਕ੍ਰਿਕਟ ਦੇ ਇਸ ਸਭ ਤੋਂ ਲੰਬੇ ਫਾਰਮੈਟ ਦੀ ਕਪਤਾਨੀ ਸੌਂਪੀ ਜਾ ਸਕਦੀ ਹੈ। ਆਸਟ੍ਰੇਲੀਆ ਵਿਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿਚ 0-3 ਨਾਲ ਸਫ਼ਾਇਆ ਹੋਣ ਤੋਂ ਬਾਅਦ ਵਿਲੀਅਮਸਨ ਦੀ ਕਪਤਾਨੀ 'ਤੇ ਸਵਾਲ ਉੱਠਣ ਲੱਗੇ ਸਨ ਤੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਤਿੰਨਾਂ ਫਾਰਮੈਟਾਂ ਵਿਚ ਕਪਤਾਨੀ ਕਰਨ ਕਾਰਨ ਉਨ੍ਹਾਂ 'ਤੇ ਵੱਧ ਭਾਰ ਰਿਹਾ ਹੈ। ਕਰਾਊਡ ਗੋਜ਼ ਵਾਈਲਡ ਦੇ ਬਰਾਡਕਾਸਟਰ ਜੇਮਜ਼ ਮੈਕਓਨੀ ਨੇ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਟੀਮ ਦੇ ਮੁੱਖ ਕੋਚ ਗੈਰੀ ਸਟੀਡ ਲਾਥਮ ਨੂੰ ਟੈਸਟ ਟੀਮ ਦੇ ਕਪਤਾਨ ਬਣਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਦੀ ਯੋਜਨਾ ਕਪਤਾਨ ਬਦਲਣ ਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਲੀਅਮਸਨ ਦੀ ਟੈਸਟ ਕਪਤਾਨੀ ਨੂੰ ਖ਼ਤਰਾ ਹੈ। ਕੋਚ ਸਟੀਡ ਲਾਥਮ ਨੂੰ ਟੈਸਟ ਕਪਤਾਨ ਬਣਾਉਣ ਦੇ ਪੱਖ ਵਿਚ ਹਨ। ਇਸ ਨਾਲ ਕੇਨ ਲਈ ਟੀ-20 ਦੀ ਕਪਤਾਨੀ ਕਰਨਾ ਸੌਖਾ ਹੋਵੇਗਾ ਤੇ ਉਨ੍ਹਾਂ 'ਤੇ ਭਾਰ ਘਟ ਜਾਵੇਗਾ। ਹਾਲਾਂਕਿ ਹੁਣ ਨਿਊਜ਼ੀਲੈਂਡ ਕ੍ਰਿਕਟ ਨੇ ਇਨ੍ਹਾਂ ਦਾਅਵਿਆਂ ਨੂੰ ਖ਼ਾਰਜ ਕੀਤਾ ਹੈ।