ਲੰਡਨ (ਪੀਟੀਆਈ) : ਇੰਗਲੈਂਡ ਦੇ ਸੀਮਤ ਓਵਰਾਂ ਦੇ ਫਾਰਮੈਟ ਦੇ ਕਪਤਾਨ ਜੋਸ ਬਟਲਰ ਤੇ ਉੱਪ-ਕਪਤਾਨ ਮੋਇਨ ਅਲੀ ਨੇ ਕਿਹਾ ਹੈ ਕਿ ਉਹ ਗੇਂਦ ਸੁੱਟਣ ਤੋਂ ਪਹਿਲਾਂ ਗੇਂਦਬਾਜ਼ੀ ਵਾਲੇ ਪਾਸੇ ਬੱਲੇਬਾਜ਼ ਨੂੰ ਆਊਟ ਕਰਨ ਦਾ ਸਮਰਥਨ ਨਹੀਂ ਕਰਦੇ ਹਨ ਤੇ ਜੇ ਉਨ੍ਹਾਂ ਦੀ ਟੀਮ ਦੇ ਕਿਸੇ ਖਿਡਾਰੀ ਨੇ ਅਜਿਹਾ ਕੀਤਾ ਤਾਂ ਉਹ ਬੱਲੇਬਾਜ਼ ਨੂੰ ਵਾਪਸ ਬੁਲਾ ਲੈਣਗੇ। ਕ੍ਰਿਕਟ ਦੇ ਨਿਯਮਾਂ ਦੇ ਨਿਗਰਾਨ ਮੇਰਿਲਬੋਨ ਕ੍ਰਿਕਟ ਕਲੱਬ (ਐੱਮਸੀਸੀ) ਨੇ ਮੁੜ ਪੁਸ਼ਟੀ ਕੀਤੀ ਹੈ ਕਿ ਗੇਂਦਬਾਜ਼ ਦੇ ਗੇਂਦ ਸੁੱਟਣ ਤੋਂ ਪਹਿਲਾਂ ਬੱਲੇਬਾਜ਼ ਦੇ ਕ੍ਰੀਜ਼ ਤੋਂ ਬਾਹਰ ਰਹਿਣ 'ਤੇ ਰਨ ਆਊਟ ਕਰਨਾ ਨਿਯਮਾਂ ਦੇ ਤਹਿਤ ਹੈ। ਇਸ ਤੋਂ ਬਾਅਦ ਵੀ ਭਾਰਤ ਤੇ ਇੰਗਲੈਂਡ ਵਿਚਾਲੇ ਪਿਛਲੇ ਦਿਨੀਂ ਖੇਡੇ ਗਏ ਤੀਜੇ ਤੇ ਆਖ਼ਰੀ ਮਹਿਲਾ ਇਕ ਦਿਨਾ ਮੈਚ ਤੋਂ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।

ਇਸ ਮੈਚ ਵਿਚ ਭਾਰਤੀ ਹਰਫ਼ਨਮੌਲਾ ਦੀਪਤੀ ਸ਼ਰਮਾ ਨੇ ਚਾਰਲੀ ਡੀਨ ਨੂੰ ਗੇਂਦ ਸੁੱਟਣ ਤੋਂ ਪਹਿਲਾਂ ਕ੍ਰੀਜ਼ ਛੱਡਣ 'ਤੇ ਰਨ ਆਊਟ ਕੀਤਾ ਸੀ। ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ਨੂੰ 3-0 ਨਾਲ ਆਪਣੇ ਨਾਂ ਕੀਤਾ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਹਿਪ ਦੀ ਸੱਟ ਤੋਂ ਪਰੇਸ਼ਾਨ 32 ਸਾਲਾ ਬਟਲਰ ਨੇ ਕਿਹਾ ਕਿ ਅਜਿਹੇ ਹਾਲਾਤ ਵਿਚ ਮੈਂ ਬੱਲੇਬਾਜ਼ ਨੂੰ ਵਾਪਸ ਬੁਲਾ ਲਵਾਂਗਾ। ਬਟਲਰ ਖ਼ੁਦ ਵੀ ਇਸ ਤਰ੍ਹਾਂ ਆਊਟ ਹੋ ਚੁੱਕੇ ਹਨ। ਇੰਡੀਅਨ ਪ੍ਰਰੀਮੀਅਰ ਲੀਗ ਦੇ 2019 ਸੈਸ਼ਨ ਵਿਚ ਤਦ ਪੰਜਾਬ ਕਿੰਗਜ਼ ਦੇ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਰਾਜਸਥਾਨ ਰਾਇਲਜ਼ ਦੇ ਇਸ ਬੱਲੇਬਾਜ਼ ਨੂੰ ਗੇਂਦਬਾਜ਼ੀ ਵਾਲੇ ਪਾਸੇ ਕ੍ਰੀਜ਼ ਛੱਡਣ 'ਤੇ ਰਨ ਆਊਟ ਕੀਤਾ ਸੀ। ਬਟਲਰ ਨੇ ਕਿਹਾ ਕਿ ਕੋਈ ਵੀ ਅਜਿਹੀਆਂ ਚੀਜ਼ਾਂ ਨੂੰ ਦੇਖਣਾ ਨਹੀਂ ਚਾਹੁੰਦਾ। ਹਰ ਕੋਈ ਚਾਹੁੰਦਾ ਹੈ ਕਿ ਕ੍ਰਿਕਟ ਦੀ ਖੇਡ ਵਿਚ ਬੱਲੇ ਤੇ ਗੇਂਦ ਵਿਚਾਲੇ ਰੋਮਾਂਚਕ ਸੰਘਰਸ਼ ਹੋਣਾ ਚਾਹੀਦਾ ਹੈ। ਬਟਲਰ ਦਾ ਸਮਰਥਨ ਟੀਮ ਦੇ ਉੱਪ ਕਪਤਾਨ ਮੋਇਨ ਅਲੀ ਨੇ ਵੀ ਕੀਤਾ। ਪਾਕਿਸਤਾਨ ਵਿਚ ਟੀ-20 ਸੀਰੀਜ਼ ਵਿਚ ਟੀਮ ਦੀ ਨੁਮਾਇੰਦਗੀ ਕਰ ਰਹੇ ਮੋਇਨ ਅਲੀ ਨੇ ਕਿਹਾ ਕਿ ਮੈਂ ਇਸ ਦਾ ਸਮਰਥਨ ਨਹੀਂ ਕਰਦਾ ਹਾਂ। ਮੈਨੂੰ ਨਹੀਂ ਲਗਦਾ ਕਿ ਜਦ ਤਕ ਮੈਂ ਕਿਸੇ ਤੋਂ ਬਹੁਤ ਨਿਰਾਸ਼ ਨਹੀਂ ਹੁੰਦਾ ਹਾਂ ਤਦ ਤਕ ਕਦੀ ਅਜਿਹਾ ਨਹੀਂ ਕਰਾਂਗਾ। ਇਹ ਨਿਯਮਾਂ ਦੇ ਤਹਿਤ ਹੈ ਤੇ ਇਸ ਵਿਚ ਕੁਝ ਵੀ ਗ਼ਲਤ ਨਹੀਂ ਹੈ। ਖਿਡਾਰੀਆਂ ਨੂੰ ਇਸ ਦਾ ਹੱਕ ਹੈ। ਮੈਨੂੰ ਉਮੀਦ ਹੈ ਕਿ ਰੈਗੂਲਰ ਤੌਰ 'ਤੇ ਇਸ ਦਾ ਇਸਤੇਮਾਲ ਨਹੀਂ ਹੋਵੇਗਾ। ਤੁਸੀਂ ਬੱਲੇਬਾਜ਼ ਨੂੰ ਇਸ ਤਰ੍ਹਾਂ ਆਊਟ ਕਰਨ ਦੀ ਤਿਆਰੀ ਨਹੀਂ ਕਰਦੇ। ਐੱਮਸੀਸੀ ਨੇ ਪਿਛਲੇ ਦਿਨੀਂ ਗੇਂਦਬਾਜ਼ਾਂ ਦੇ ਪਾਸੇ 'ਤੇ ਰਨ ਆਊਟ ਕਰਨ ਨੂੰ ਗ਼ੈਰਵਾਜਬ ਖੇਡ ਦੇ ਵਰਗ 'ਚੋਂ ਕੱਢ ਕੇ 'ਰਨ ਆਊਟ' ਵਰਗ ਵਿਚ ਰੱਖ ਦਿੱਤਾ ਹੈ। ਇਹ ਨਿਯਮ ਇਕ ਅਕਤੂਬਰ ਤੋਂ ਲਾਗੂ ਹੋਵੇਗਾ।

Posted By: Gurinder Singh