ਲੰਡਨ (ਪੀਟੀਆਈ) : ਇੰਗਲੈਂਡ ਦੇ ਕਪਤਾਨ ਜੋ ਰੂਟ ਦਾ ਮੰਨਣਾ ਹੈ ਕਿ ਕੋਵਿਡ-19 ਦੇ ਇਨਫੈਕਸ਼ਨ ਨੂੰ ਰੋਕਣ ਦੇ ਇਰਾਦੇ ਨਾਲ ਗੇਂਦ ਨੂੰ ਚਮਕਾਉਣ ਲਈ ਲਾਰ ਦੀ ਵਰਤੋਂ 'ਤੇ ਲੱਗੀ ਰੋਕ ਨਾਲ ਗੇਂਦਬਾਜ਼ਾਂ ਦੀ ਯੋਗਤਾ ਵਿਚ ਸੁਧਾਰ ਹੋ ਸਕਦਾ ਹੈ ਜਿਨ੍ਹਾਂ ਨੂੰ ਪਿੱਚ ਤੋਂ ਮਦਦ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਭਾਰਤ ਦੇ ਸਾਬਕਾ ਦਿੱਗਜ ਸਪਿੰਨਰ ਅਨਿਲ ਕੁੰਬਲੇ ਦੀ ਅਗਵਾਈ ਵਾਲੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਕ੍ਰਿਕਟ ਕਮੇਟੀ ਨੇ ਖੇਡ ਦੁਬਾਰਾ ਸ਼ੁਰੂ ਹੋਣ 'ਤੇ ਗੇਂਦ ਨੂੰ ਚਮਕਾਉਣ ਲਈ ਲਾਰ ਦੀ ਵਰਤੋਂ 'ਤੇ ਪਾਬੰਦੀ ਲਾਉਣ ਦਾ ਸੁਝਾਅ ਦਿੱਤਾ ਹੈ। ਆਈਸੀਸੀ ਨੇ ਕ੍ਰਿਕਟ ਨੂੰ ਦੁਬਾਰਾ ਸ਼ੁਰੂ ਕਰਨ ਲਈ ਆਪਣੇ ਦਿਸ਼ਾ ਨਿਰਦੇਸ਼ਾਂ ਵਿਚ ਵੀ ਗੇਂਦ 'ਤੇ ਲਾਰ ਦੀ ਵਰਤੋਂ 'ਤੇ ਪਾਬੰਦੀ ਲਾਈ ਹੈ। ਰੂਟ ਨੇ ਹਾਲਾਂਕਿ ਕਿਹਾ ਕਿ ਇਹ ਗੇਂਦਬਾਜ਼ਾਂ ਦੇ ਪੱਖ ਵਿਚ ਕੰਮ ਕਰ ਸਕਦਾ ਹੈ ਤੇ ਉਨ੍ਹਾਂ ਦੀ ਯੋਗਤਾ ਵਿਚ ਵਾਧਾ ਹੋ ਸਕਦਾ ਹੈ। ਰੂਟ ਨੇ ਕਿਹਾ ਕਿ ਆਮ ਤੌਰ 'ਤੇ ਮਿਲਣ ਵਾਲੀ ਸਹਾਇਤਾ ਮੌਜੂਦ ਨਾ ਹੋਣ ਦਾ ਮਤਲਬ ਹੈ ਕਿ ਤੁਹਾਨੂੰ ਆਪਣੀ ਗੇਂਦਬਾਜ਼ੀ ਵਿਚ ਸੁਧਾਰ ਕਰਨਾ ਪਵੇਗਾ। ਖਿਡਾਰੀਆਂ ਨੂੰ ਪਿੱਚ ਤੋਂ ਮਦਦ ਹਾਸਲ ਕਰਨ ਦਾ ਕੋਈ ਹੋਰ ਤਰੀਕਾ ਲੱਭਣਾ ਪਵੇਗਾ। ਇਹ ਵੱਧ ਕੋਸ਼ਿਸ਼ ਕਰਨਾ, ਕ੍ਰੀਜ਼ 'ਤੇ ਕੋਣ ਵਿਚ ਬਦਲਾਅ, ਟੇਢੀ ਸੀਮ ਦਾ ਇਸਤੇਮਾਲ ਆਦਿ ਹੋ ਸਕਦਾ ਹੈ। ਸਾਡੇ ਗੇਂਦਬਾਜ਼ ਚਾਰ ਤੋਂ ਪੰਜ ਹਫਤੇ ਦੇ ਸਮੇਂ ਵਿਚ ਇਸ ਨੂੰ ਤਿਆਰ ਕਰ ਸਕਦੇ ਹਨ।