ਜੇਐੱਨਐੱਨ, ਮੁੰਬਈ : ਤੇਜ਼ ਗੇਂਦਬਾਜ਼ Jasprit Bumrah ਨੂੰ ਸੈਸ਼ਨ 2018-19 ਲਈ ਭਾਰਤ ਦਾ ਸਰਬੋਤਮ ਇੰਟਰਨੈਸ਼ਨਲ ਕ੍ਰਿਕਟਰ ਚੁਣਿਆ ਗਿਆ। Jasprit Bumrah ਨੂੰ ਐਤਵਾਰ ਨੂੰ ਬੀਸੀਸੀਆਈ ਦੇ ਸਾਲਾਨਾ ਐਵਾਰਡ ਸਮਾਗਮ 'ਚ ਪੌਲੀ ਉਮਰੀਗਰ ਐਵਾਰਡ ਨਾਲ ਨਿਵਾਜਿਆ ਜਾਵੇਗਾ। Poonam Yadav ਨੂੰ ਸੈਸ਼ਨ ਦੀ ਸਰਬੋਤਮ ਮਹਿਲਾ ਕ੍ਰਿਕਟ ਚੁਣਿਆ ਗਿਆ ਤੇ ਉਨ੍ਹਾਂ ਨੂੰ ਵੀ ਇਹ ਐਵਾਰਡ ਪ੍ਰਦਾਨ ਕੀਤਾ ਜਾਵੇਗਾ।

ਸਾਬਕਾ ਕ੍ਰਿਕਟਰ ਕ੍ਰਿਸ਼ਨਮਚਾਰੀ ਸ਼੍ਰੀਕਾਂਤ ਤੇ ਅੰਜੂਮ ਚੋਪੜਾ ਨੂੰ ਕਰਨਲ ਸੀਕੇ ਨਾਇਡੂ ਲਾਈਫਟਾਈਮ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਦੁਨੀਆ ਦੇ ਨੰਬਰ ਇਕ ਵਨਡੇ ਗੇਂਦਬਾਜ਼ ਨੇ ਜਨਵਰੀ 2018 'ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਟੈਸਟ ਡੈਬਿਊ ਕੀਤਾ ਸੀ। ਉਹ ਉਸੇ ਸਮੇਂ ਤੋਂ ਜ਼ਬਰਦਸਤ ਫਾਰਮ 'ਚ ਸਨ ਤੇ 12 ਮੈਚਾਂ 'ਚ 19.24 ਦੀ ਔਸਤ ਤੋਂ 62 ਵਿਕਟਾਂ ਲੈ ਚੁੱਕੇ ਹਨ। ਉਨ੍ਹਾਂ ਇਸ ਛੋਟੇ ਜਿਹੇ ਟੈਸਟ ਕਰੀਅਰ 'ਚ ਹੈਟ੍ਰਿਕ ਵੀ ਲਈ ਹੈ।

ਮਹਿਲਾ ਵਰਗ 'ਚ ਲੈੱਗ ਸਪਿੱਨਰ ਪੂਨਮ ਯਾਦਵ ਨੂੰ ਇਸ ਐਵਾਰਡ ਨਾਲ ਨਿਵਾਜਿਆ ਜਾਵੇਗਾ। ਉਨ੍ਹਾਂ ਨੂੰ ਪਿਛਲੇ ਸਾਲ ਨੈਸ਼ਨਲ ਸਪੋਰਟਸ ਡੇਅ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਰਜੁਨ ਐਵਾਰਡ ਪ੍ਰਦਾਨ ਕੀਤਾ ਸੀ। ਮਹਿਲਾ ਟੀ20 ਰੈਂਕਿੰਗ 'ਚ ਦੂਸਰੇ ਕ੍ਰਮ 'ਤੇ ਕਾਬਿਜ਼ ਪੂਨਮ ਇਸ ਫਾਰਮੈੱਟ 'ਚ ਦੇਸ਼ ਦੀ ਸਭ ਤੋਂ ਸਫ਼ਲ ਗੇਂਦਬਾਜ਼ ਹੈ। ਪੂਨਮ ਨੇ ਪਿਛਲੇ ਸਾਲ ਸੀਮਤ ਓਵਰਾਂ 'ਚ ਭਾਰਤੀ ਟੀਮ ਦੀ ਸਫ਼ਲਤਾ 'ਚ ਖ਼ਾਸ ਭੂਮਿਕਾ ਨਿਭਾਈ ਸੀ। ਉਨ੍ਹਾਂ 8 ਵਨਡੇ ਮੈਚਾਂ 'ਚ 14 ਵਿਕਟਾਂ ਲਈਆਂ। ਉਨ੍ਹਾਂ 15 ਟੀ-20 ਮੈਚਾਂ 'ਚ 10 ਸ਼ਿਕਾਰ ਕੀਤੇ। ਕੇ ਸ਼੍ਰੀਕਾਂਤ ਤੇ ਅੰਜੁਮ ਚੋਪੜਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡਜ਼ ਲਈ ਸੀਕੇ ਨਾਇਡੂ ਐਵਾਰਡ ਸਮੇਤ 25-25 ਲੱਖ ਰੁਪਏ ਦਾ ਚੈੱਕ ਦਿੱਤਾ ਜਾਵੇਗਾ। ਪੌਲੀ ਉਮਰੀਗਰ ਐਵਾਰਡ ਲਈ ਜਸਪ੍ਰੀਤ ਬੁਮਰਾਹ ਤੇ ਪੂਨਮ ਯਾਦਵ ਨੂੰ ਟ੍ਰਾਫੀ, ਪ੍ਰਮਾਣ ਪੱਤਰ ਸਮੇਤ 15-15 ਲੱਖ ਰੁਪਏ ਦਿੱਤੇ ਜਾਣਗੇ।

ਬੁਮਰਾਹ ਨੂੰ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਲਈ ਦਲੀਪ ਸਰਦੇਸਾਈ ਐਵਾਰਡ ਨਾਲ ਨਿਵਾਜਿਆ ਜਾਵੇਗਾ। ਚੇਤੇਸ਼ਵਰ ਪੁਜਾਰਾ ਨੂੰ ਇਸ ਮਿਆਦ 'ਚ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਲਈ ਦਲੀਪ ਸਰਦੇਸਾਈ ਐਵਾਰਡ ਦਿੱਤਾ ਜਾਵੇਗਾ। ਮਯੰਕ ਅਗਰਵਾਲ ਨੂੰ ਪੁਰਸ਼ਾਂ 'ਚ ਸਰਬੋਤਮ ਇੰਟਰਨੈਸ਼ਨਲ ਡੈਬਿਊ ਲਈ ਸਨਮਾਨਿਤ ਕੀਤਾ ਜਾਵੇਗਾ। ਮਹਿਲਾ ਵਰਗ 'ਚ ਇਹ ਪੁਰਸਕਾਰ ਸ਼ੈਫਾਲੀ ਵਰਮਾ ਨੂੰ ਦਿੱਤਾ ਜਾਵੇਗਾ। ਸ਼ਿਵਮ ਦੂਬੇ ਨੂੰ ਰਣਜੀ ਟ੍ਰਾਫੀ ਦਾ ਸਰਬੋਤਮ ਆਲਰਾਊਂਡਰ ਚੁਣਿਆ ਗਿਆ। ਨਿਤੀਸ਼ ਰਾਣਾ ਨੂੰ ਘਰੇਲੂ ਸੀਮਤ ਓਵਰਾਂ ਦੇ ਕ੍ਰਿਕਟ 'ਚ ਸਰਬੋਤਮ ਆਲਰਾਊਂਡਰ ਚੁਣਿਆ ਗਿਆ। ਸ਼ਿਵਮ ਤੇ ਨਿਤੀਸ਼ ਨੂੰ 5-5 ਲੱਖ ਰੁਪਏ ਪ੍ਰਦਾਨ ਕੀਤੇ ਜਾਣਗੇ। ਦਲੀਪ ਸਰਦੇਸਾਈ ਐਵਾਰਡ ਜੇਤੂਆਂ ਨੂੰ ਦੋ-ਦੋ ਲੱਖ ਰੁਪਏ ਦਿੱਤੇ ਜਾਣਗੇ।

Posted By: Seema Anand