ਜੇਐੱਨਐੱਨ, ਨਵੀਂ ਦਿੱਲੀ : ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਡੈੱਥ ਓਵਰ ਗੇਂਦਬਾਜ਼ੀ ਦੀ ਸਮੱਸਿਆ ਨਾਲ ਜੂਝ ਰਹੀ ਟੀਮ ਦੀ ਸਭ ਤੋਂ ਵੱਡੀ ਉਮੀਦ ਜਸਪ੍ਰੀਤ ਬੁਮਰਾਹ ਪਿੱਠ ਦੀ ਸੱਟ ਕਾਰਨ ਆਉਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਪੀਟੀਆਈ ਦੇ ਹਵਾਲੇ ਨਾਲ ਆਈ ਖ਼ਬਰ ਮੁਤਾਬਕ ਉਸ ਲਈ ਖੇਡਣਾ ਮੁਸ਼ਕਲ ਹੈ ਕਿਉਂਕਿ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।

ਏਸ਼ੀਆ ਕੱਪ ਤੋਂ ਬਾਅਦ ਡੈਥ ਓਵਰ ਦੀ ਸਮੱਸਿਆ ਤੋਂ ਗੁਜ਼ਰ ਰਹੀ ਟੀਮ ਇੰਡੀਆ ਨੂੰ ਉਮੀਦ ਸੀ ਕਿ ਬੁਮਰਾਹ ਦੇ ਆਉਣ ਨਾਲ ਸਭ ਕੁਝ ਠੀਕ ਹੋ ਜਾਵੇਗਾ ਪਰ ਆਸਟਰੇਲੀਆ ਖਿਲਾਫ ਦੂਜੇ ਟੀ-20 ਮੈਚ 'ਚ 2 ਓਵਰਾਂ ਦੀ ਗੇਂਦਬਾਜ਼ੀ ਕੀਤੀ ਅਤੇ ਫਿਰ ਆਖ਼ਰੀ ਮੈਚ 'ਚ ਬੁਮਰਾਹ ਨੇ 4 ਓਵਰ ਸੁੱਟੇ। ਨਿਰਣਾਇਕ ਮੈਚ 'ਚ ਵੀ ਉਸ ਨੇ 4 ਓਵਰਾਂ 'ਚ 50 ਦੌੜਾਂ ਖ਼ਰਚ ਕੀਤੀਆਂ, ਜੋ ਕਿ ਟੀ-20 'ਚ ਉਸ ਦਾ ਹੁਣ ਤਕ ਦਾ ਸਭ ਤੋਂ ਜ਼ਿਆਦਾ ਦੌੜਾਂ ਸਨ।

ਦੱਖਣੀ ਅਫਰੀਕਾ ਖ਼ਿਲਾਫ਼ ਪਹਿਲਾ ਟੀ-20 ਨਹੀਂ ਖੇਡਿਆ

ਜਸਪ੍ਰੀਤ ਬੁਮਰਾਹ ਤਿਰੂਵਨੰਤਪੁਰਮ 'ਚ ਖੇਡੇ ਗਏ ਪਹਿਲੇ ਟੀ-20 ਮੈਚ 'ਚ ਨਹੀਂ ਖੇਡਿਆ ਸੀ, ਜਿਸ ਤੋਂ ਬਾਅਦ ਬੀਸੀਸੀਆਈ ਵੱਲੋਂ ਉਨ੍ਹਾਂ ਦੀ ਸੱਟ ਬਾਰੇ ਅਪਡੇਟ ਦਿੱਤੀ ਗਈ ਸੀ ਕਿ ਉਨ੍ਹਾਂ ਨੇ ਪਿੱਠ 'ਚ ਦਰਦ ਦੀ ਸ਼ਿਕਾਇਤ ਕੀਤੀ ਹੈ। ਪਰ ਹੁਣ ਜੋ ਖ਼ਬਰ ਆ ਰਹੀ ਹੈ ਉਸ ਨੇ ਟੀਮ ਇੰਡੀਆ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਦੂਜਾ ਵੱਡਾ ਝਟਕਾ ਦਿੱਤਾ ਹੈ। ਰਵਿੰਦਰ ਜਡੇਜਾ ਪਹਿਲਾਂ ਹੀ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੇ ਹਨ।

ਮੁਹੰਮਦ ਸ਼ਮੀ ਸਭ ਤੋਂ ਵੱਡਾ ਵਿਕਲਪ

ਜਸਪ੍ਰੀਤ ਬੁਮਰਾਹ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਟੀਮ ਇੰਡੀਆ ਦੇ ਕੋਲ ਮੁਹੰਮਦ ਸ਼ਮੀ, ਦੀਪਕ ਚਾਹਰ ਅਤੇ ਮੁਹੰਮਦ ਸਿਰਾਜ ਵਰਗੇ ਗੇਂਦਬਾਜ਼ ਬਦਲ ਵਜੋਂ ਹਨ। ਹਾਲਾਂਕਿ ਸਿਰਾਜ ਬਾਰੇ ਜ਼ਿਆਦਾ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਸਟੈਂਡਬਾਏ 'ਤੇ ਵੀ ਨਹੀਂ ਹੈ।

ਅਜਿਹੀ ਸਥਿਤੀ 'ਚ ਮੁਹੰਮਦ ਸ਼ਮੀ ਅਤੇ ਦੀਪਕ ਚਾਹਰ ਦੇ ਬਦਲੇ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਕਿਉਂਕਿ ਇਹ ਦੋਵੇਂ ਪਹਿਲਾਂ ਹੀ ਸਟੈਂਡ ਬਾਈ ਦੇ ਤੌਰ 'ਤੇ ਰੱਖੇ ਗਏ ਹਨ। ਮੁਹੰਮਦ ਸਿਰਾਜ ਫਿਲਹਾਲ ਇੰਗਲੈਂਡ 'ਚ ਕਾਊਂਟੀ ਖੇਡ ਰਹੇ ਹਨ। ਫਿਲਹਾਲ ਸ਼ਮੀ ਦੱਖਣੀ ਅਫਰੀਕਾ ਖਿਲਾਫ ਸੀਰੀਜ਼ 'ਚ ਨਹੀਂ ਖੇਡ ਰਹੇ ਹਨ ਪਰ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨੇ ਬੀਤੇ ਦਿਨ ਆਪਣੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਸ਼ੇਅਰ ਕੀਤੀ ਸੀ।

ਪਿਛਲੇ ਕੁਝ ਮਹੀਨਿਆਂ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਦੀ ਸਭ ਤੋਂ ਵੱਡੀ ਸਮੱਸਿਆ ਗੇਂਦਬਾਜ਼ੀ ਰਹੀ ਹੈ, ਜਿਸ ਕਾਰਨ ਟੀਮ ਏਸ਼ੀਆ ਕੱਪ ਦੇ ਫਾਈਨਲ 'ਚ ਨਹੀਂ ਪਹੁੰਚ ਸਕੀ। ਇਹੀ ਕਮਜ਼ੋਰੀ ਆਸਟ੍ਰੇਲੀਆ ਖਿਲਾਫ ਸੀਰੀਜ਼ 'ਚ ਦੇਖਣ ਨੂੰ ਮਿਲੀ ਜਦੋਂ ਟੀਮ ਮੋਹਾਲੀ 'ਚ 208 ਦੌੜਾਂ ਦੇ ਸਕੋਰ ਦਾ ਵੀ ਬਚਾਅ ਨਹੀਂ ਕਰ ਸਕੀ।

Posted By: Jaswinder Duhra