ਦੁਬਈ (ਏਜੰਸੀ) : ਆਈਸੀਸੀ ਦੀ ਬੁੱਧਵਾਰ ਨੂੰ ਜਾਰੀ ਹੋਈ ਤਾਜ਼ਾ ਵਨ ਡੇ ਰੈਂਕਿੰਗ 'ਚ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਪਣਾ ਚੋਟੀ ਦਾ ਸਥਾਨ ਗੁਆ ਦਿੱਤਾ ਹੈ ਜਦਕਿ ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਤਿੰਨ ਸਥਾਨ ਦੀ ਛਾਲ ਲਾਉਂਦੇ ਹੋਏ ਸੱਤਵਾਂ ਸਥਾਨ ਹਾਸਲ ਕੀਤਾ।

ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਇਕ ਵੀ ਵਿਕਟ ਨਾ ਲੈਣ ਵਾਲੇ ਬੁਮਰਾਹ ਹੁਣ 719 ਅੰਕਾਂ ਨਾਲ ਗੇਂਦਬਾਜ਼ਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਹਨ। ਲੈੱਗ ਸਪਿੰਨਰ ਯੁਜਵਿੰਦਰ ਸਿੰਘ ਚਹਿਲ ਨੇ ਇਸ ਸੀਰੀਜ਼ ਵਿਚ ਛੇ ਵਿਕਟਾਂ ਆਪਣੇ ਨਾਂ ਕੀਤੀਆਂ ਜਿਸ ਵਿਚ ਉਹ 13ਵੇਂ ਸਥਾਨ 'ਤੇ ਪੁੱਜ ਗਏ ਉਥੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਫਿਸਲ ਕੇ 16ਵੇਂ ਸਥਾਨ 'ਤੇ ਪੁੱਜ ਗਏ।

ਬੁਮਰਾਹ ਦੇ ਗੇਂਦਬਾਜ਼ਾਂ ਦੀ ਸੂਚੀ ਵਿਚ ਚੋਟੀ ਦਾ ਸਥਾਨ ਗੁਆਉਣ ਨਾਲ ਕੀਵੀ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਪਹਿਲੇ ਸਥਾਨ 'ਤੇ ਪੁੱਜ ਗਏ ਹਨ। ਹਾਲਾਂਕਿ ਬੋਲਟ ਹੱਥ ਵਿਚ ਸੱਟ ਕਾਰਨ ਇਸ ਸੀਰੀਜ਼ ਦਾ ਹਿੱਸਾ ਨਹੀਂ ਸਨ। ਜਡੇਜਾ ਨੇ ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ ਵਿਚ ਦੋ ਵਿਕਟਾਂ ਲੈਣ ਤੋਂ ਇਲਾਵਾ 63 ਦੌੜਾਂ ਵੀ ਬਣਾਈਆਂ ਜਿਸ ਨਾਲ ਉਹ ਹਰਫ਼ਨਮੌਲਾ ਦੀ ਸੂਚੀ ਵਿਚ 246 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਪੁੱਜ ਗਏ।

ਹਰਫ਼ਨਮੌਲਾ ਦੀ ਸੂਚੀ ਵਿਚ ਅਫ਼ਗਾਨਿਸਤਾਨ ਦੇ ਮੁਹੰਮਦ ਨਬੀ ਚੋਟੀ 'ਤੇ ਹਨ। ਬੱਲੇਬਾਜ਼ਾਂ ਦੀ ਸੂਚੀ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਉੱਪ ਕਪਤਾਨ ਰੋਹਿਤ ਸ਼ਰਮਾ ਚੋਟੀ ਦੇ ਦੋ ਸਥਾਨਾਂ 'ਤੇ ਬਣੇ ਹੋਏ ਹਨ।