ਮਾਨਚੈਸਟਰ (ਪੀਟੀਆਈ) : ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਦਾ ਮੰਨਣਾ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਛੋਟੀਆਂ ਟੀਮਾਂ ਨੂੰ ਵੀ ਰੈਗੂਲਰ ਤੌਰ 'ਤੇ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦਾ ਮੌਕਾ ਮਿਲੇ ਕਿਉਂਕਿ ਕੋਵਿਡ-19 ਮਹਾਮਾਰੀ ਵਿਚਾਲੇ ਭਾਰਤ, ਆਸਟ੍ਰੇਲੀਆ ਤੇ ਇੰਗਲੈਂਡ ਕੋਲ ਹੀ ਖਿਡਾਰੀਆਂ ਨੂੰ ਖਿਡਾਉਣ ਲਈ ਨਿਯਮ ਬਾਇਓ ਸਕਿਓਰਿਟੀ ਪ੍ਰੋਟੋਕਾਲ ਵਿਚ ਮੈਚਾਂ ਨੂੰ ਕਰਵਾਉਣ ਲਈ ਜ਼ਰੂਰੀ ਸਾਧਨ ਹਨ। ਕ੍ਰਿਕਟ ਜਗਤ ਨੇ ਮਹਾਮਾਰੀ ਵਿਚਾਲੇ ਇੰਗਲੈਂਡ ਦਾ ਦੌਰਾ ਕਰਨ ਦੇ ਵੈਸਟਇੰਡੀਜ਼ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਸੀ।

ਮੰਗਲਵਾਰ ਨੂੰ ਇੰਗਲੈਂਡ ਨੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਜਿਸ ਨਾਲ ਅੰਤਰਰਾਸ਼ਟਰੀ ਕ੍ਰਿਕਟ ਬਹਾਲ ਹੋਇਆ ਸੀ। ਸੀਰੀਜ਼ ਨੂੰ ਬਾਇਓ ਸਕਿਓਰਿਟੀ ਪ੍ਰੋਟੋਕਾਲ ਮਾਹੌਲ ਵਿਚ ਕਰਵਾਇਆ ਗਿਆ ਪਰ ਇਸ ਨਾਲ ਟੂਰਨਾਮੈਂਟ ਦੇ ਖ਼ਰਚੇ ਕਾਫੀ ਵਧ ਗਏ ਤੇ ਹੋਲਡਰ ਨੇ ਕਿਹਾ ਕਿ ਵੈਸਟਇੰਡੀਜ਼ ਵਰਗੀਆਂ ਟੀਮਾਂ ਨੂੰ ਅਜਿਹੇ ਵਾਤਾਵਰਨ ਨੂੰ ਤਿਆਰ ਕਰਨ ਵਿਚ ਜੂਝਣਾ ਪੈ ਸਕਦਾ ਹੈ। ਹੋਲਡਰ ਨੇ ਕਿਹਾ ਕਿ ਜੇ ਜਲਦ ਹੀ ਕੁਝ ਨਾ ਹੋਇਆ ਤਾਂ ਅਸੀਂ ਦੇਖਾਂਗੇ ਕਿ ਛੋਟੇ ਦੇਸ਼ ਘੱਟ ਅੰਤਰਰਾਸ਼ਟਰੀ ਕ੍ਰਿਕਟ ਖੇਡ ਰਹੇ ਹਨ ਕਿਉਂਕਿ ਅਸੀਂ ਇਹ ਖ਼ਰਚਾ ਨਹੀਂ ਉਠਾ ਸਕਦੇ। ਹੁਣ ਚਾਰ ਜਾਂ ਪੰਜ ਮੈਚਾਂ ਦੀ ਸੀਰੀਜ਼ ਦੀ ਥਾਂ ਦੋ ਜਾਂ ਤਿੰਨ ਮੈਚਾਂ ਦੀ ਸੀਰੀਜ਼ ਹੋ ਰਹੀ ਹੈ। ਤੇ ਸਾਡੇ ਲਈ ਇਸ ਤੋਂ ਜ਼ਿਆਦਾ ਦੀ ਮੇਜ਼ਬਾਨੀ ਕਾਫੀ ਮੁਸ਼ਕਲ ਹੈ, ਖ਼ਾਸ ਕਰ ਕੇ ਵੈਸਟਇੰਡੀਜ਼ ਵਿਚ। ਸਾਡੇ ਲਈ ਇਹ ਗੰਭੀਰ ਮੁਸ਼ਕਲ ਹੈ। ਮੈਨੂੰ ਲਗਦਾ ਹੈ ਕਿ ਸਬੰਧਤ ਲੋਕਾਂ ਨੂੰ ਬੈਠ ਕੇ ਇਸ 'ਤੇ ਵਿਚਾਰ ਕਰਨ ਦੀ ਲੋੜ ਹੈ। ਵੈਸਟਇੰਡੀਜ਼ ਤੇ ਇੰਗਲੈਂਡ ਵਿਚਾਲੇ ਸੀਰੀਜ਼ ਸਿਰਫ਼ ਦੋ ਥਾਵਾਂ ਮਾਨਚੈਸਟਰ ਤੇ ਸਾਊਥੈਂਪਟਨ ਵਿਚ ਖੇਡੀ ਗਈ ਤੇ ਅੱਠ ਹਫ਼ਤੇ ਦੇ ਦੌਰੇ ਦੌਰਾਨ ਦੋਵੇਂ ਟੀਮਾਂ ਸਟੇਡੀਅਮ ਦੇ ਹੋਟਲ ਵਿਚ ਹੀ ਰੁਕੀਆਂ।

ਇੰਗਲੈਂਡ ਤੇ ਭਾਰਤ ਖ਼ਿਲਾਫ਼ ਕਮਾਇਆ ਜਾ ਸਕਦੈ ਪੈਸਾ

ਜੇਸਨ ਹੋਲਡਰ ਨੇ ਉਮੀਦ ਜ਼ਾਹਰ ਕੀਤੀ ਕਿ ਇੰਗਲੈਂਡ ਦੀ ਟੀਮ ਵੀ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਜਲਦੀ ਹੀ ਕੈਰੇਬਿਆਈ ਦੇਸ਼ਾਂ ਦਾ ਦੌਰਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿਰਫ਼ ਇੰਗਲੈਂਡ ਦੀ ਸੀਰੀਜ਼ ਤੋਂ ਹੀ ਪੈਸਾ ਕਮਾਉਂਦੇ ਹਾਂ ਤੇ ਮੈਨੂੰ ਲਗਦਾ ਹੈ ਕਿ ਭਾਰਤ ਤੋਂ ਵੀ। ਆਸਟ੍ਰੇਲੀਆ ਤੇ ਪਾਕਿਸਤਾਨ ਖ਼ਿਲਾਫ਼ ਸੀਰੀਜ਼ ਵਿਚ ਕੋਈ ਫ਼ਾਇਦਾ ਨੁਕਸਾਨ ਨਹੀਂ ਹੁੰਦਾ ਤੇ ਬਾਕੀ ਸਾਰੀਆਂ ਸੀਰੀਜ਼ਾਂ ਵਿਚ ਸਾਨੂੰ ਨੁਕਸਾਨ ਉਠਾਉਣਾ ਪੈਂਦਾ ਹੈ ਪਰ ਇਸ ਮੁਸ਼ਕਲ ਸਮੇਂ ਵਿਚ ਸਿਰਫ਼ ਇੰਗਲੈਂਡ, ਆਸਟ੍ਰੇਲੀਆ ਤੇ ਸੰਭਵ ਤੌਰ 'ਤੇ ਭਾਰਤ ਹੀ ਕ੍ਰਿਕਟ ਦੀ ਮੇਜ਼ਬਾਨੀ ਕਰ ਸਕਦੇ ਹਨ।

ਕੋਰੋਨਾ ਕਾਰਨ ਤਨਖ਼ਾਹ ਕਟੌਤੀ ਦਾ ਕਰਨਾ ਪੈ ਰਿਹਾ ਸਾਹਮਣਾ

ਵੈਸਟਇੰਡੀਜ਼ ਕ੍ਰਿਕਟ ਬੋਰਡ 'ਤੇ ਕੋਵਿਡ-19 ਮਹਾਮਾਰੀ ਦੇ ਵਿੱਤੀ ਅਸਰ ਨੂੰ ਦੇਖਦੇ ਹੋਏ ਵੈਸਟਇੰਡੀਜ਼ ਦੇ ਖਿਡਾਰੀਆਂ ਤੇ ਸਟਾਫ ਨੂੰ ਤਨਖ਼ਾਹ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਲਡਰ ਨੇ ਕਿਹਾ ਕਿ ਵਿੱਤੀ ਤੌਰ 'ਤੇ ਵੈਸਟਇੰਡੀਜ਼ ਕ੍ਰਿਕਟ ਲਈ ਪਿਛਲੇ ਕੁਝ ਸਾਲ ਮੁਸ਼ਕਲ ਰਹੇ। ਸਾਨੂੰ ਤਨਖ਼ਾਹ ਕਟੌਤੀ ਦਾ ਸਾਹਮਣਾ ਕਰਨਾ ਪਿਆ ਇਸ ਲਈ ਜੇ 2020 ਦੇ ਅੰਤ ਤੋਂ ਪਹਿਲਾਂ ਸੀਰੀਜ਼ ਦੀ ਮੇਜ਼ਬਾਨੀ ਸੰਭਵ ਹੋਈ ਤਾਂ ਅਸੀਂ ਇਕ ਸੰਗਠਨ ਦੇ ਰੂਪ ਵਿਚ ਕੰਮ ਕਰਦੇ ਰਹਿ ਸਕਾਂਗੇ।