ਜੇਐੱਨਐੱਨ, ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਹਿਸਾਨ ਮਨੀ ਦਾ ਮੰਨਣਾ ਹੈ ਕਿ ਇੰਡੀਆ-ਪਾਕਿਸਤਾਨ ਕ੍ਰਿਕਟ ਇਸ ਲਈ ਨਹੀਂ ਹੁੰਦੀ ਹੈ ਕਿਉਂਕਿ ਭਾਰਤ ਸਰਕਾਰ ਦੀ ਇਹ ਨੀਤੀ ਹੈ। ਪੀਸੀਬੀ ਮੁਖੀ ਵੀ ਇਹ ਕਹਿੰਦੇ ਹਨ ਕਿ ਜੇ ਭਾਰਤ ਤੇ ਪਕਿਸਤਾਨ 'ਚ ਸੀਰੀਜ਼ ਹੁੰਦੀ ਹੈ ਤਾਂ ਇਹ ਵਿਸ਼ਵ ਕ੍ਰਿਕਟ ਲਈ ਚੰਗੀ ਗੱਲ ਹੋਵੇਗੀ। ਭਾਰਤ ਤੇ ਪਾਕਿਸਤਾਨ 'ਚ ਕਰੀਬ ਇਕ ਦਹਾਕਾ ਪਹਿਲਾਂ ਸੀਰੀਜ਼ ਖੇਡੀ ਗਈ ਸੀ।

ਅਹਿਸਾਨ ਮਨੀ ਦਾ ਕਹਿਣਾ ਹੈ ਕਿ ਪਾਕਿਸਤਾਨ-ਭਾਰਤ ਦੇ ਮੈਚ ਦੁਨੀਆ 'ਚ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਕ੍ਰਿਕਟ ਮੈਚ ਹਨ। ਆਈਸੀਸੀ ਤੇ ਏਸੀਸੀ ਦੇ ਈਵੈਂਟਸ ਤੋਂ ਇਲਾਵਾ ਅਸੀਂ ਭਾਰਤ ਸਰਕਾਰ ਦੀ ਨੀਤੀ ਕਾਰਨ ਇਕ-ਦੂਸਰੇ ਖ਼ਿਲਾਫ਼ ਨਹੀਂ ਖੇਡਦੇ। ਇਹ ਵਿਸ਼ਵ ਕ੍ਰਿਕਟ ਦੀ ਭਲਾਈ ਲਈ ਚੰਗਾ ਹੋਵੇਗਾ ਜੇ ਅਸੀਂ ਇਕ-ਦੂਸਰੇ ਦੇ ਖ਼ਿਲਾਫ਼ ਖੇਡਦੇ ਹਾਂ। ਹਾਲਾਂਕਿ ਸਾਡੀ ਯੋਜਨਾ 'ਚ ਅਸੀਂ ਭਾਰਤ ਦੇ ਖ਼ਿਲਾਫ਼ ਕਿਸੇ ਵੀ ਦੁਵੱਲੀ ਸੀਰੀਜ਼ ਨੂੰ ਧਿਆਨ 'ਚ ਨਹੀਂ ਰੱਖਦੇ ਹਾਂ।

ਇਕ ਸਵਾਲ 'ਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਹਿਸਾਨ ਨੇ ਕਿਹਾ ਕਿ ਪੀਸੀਬੀ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨਾਲ ਕੋਈ ਸਮੱਸਿਆ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਡਰ ਨਹੀਂ ਹੈ ਕਿ ਕੁਝ ਦੇਸ਼ ਆਪਣੇ ਹਿੱਤਾਂ ਨੂੰ ਇਕ ਖੇਡ ਨਾਲ ਵੀ ਅੱਗੇ ਰੱਖਦੇ ਹਨ। ਅਸੀਂ ਸਾਰੇ ਵਿਸ਼ਵੀ ਖੇਡ ਤੇ ਵਿਸ਼ਵ ਕ੍ਰਿਕਟ ਦੀ ਭਲਾਈ ਲਈ ਨਿਯਮਾਂ ਦੀ ਪਾਲਣਾ ਕਰਦੇ ਹਾਂ।

ਆਈਸੀਸੀ ਚੇਅਰਮੈਨ ਦੇ ਤੌਰ 'ਤੇ ਅਗਲਾ ਵਿਅਕਤੀ ਕਿੰਨਾ ਮਹੱਤਵਪੂਰਨ ਹੈ? ਇਸ 'ਤੇ ਮਨੀ ਨੇ ਕਿਹਾ ਕਿ ਇਕ ਚੰਗਾ ਲੀਡਰ ਦੇਸ਼ਾਂ ਨੂੰ ਇਕੱਠੇ ਕਰੇਗਾ ਤੇ ਸਾਰੇ ਐਸੋਸੀਏਟ ਆਈਸਸੀ ਮੈਂਬਰਾਂ ਦੇ ਸਰਬੋਤਮ ਹਿੱਤਾਂ ਲਈ ਕੰਮ ਕਰੇਗਾ। ਏਸ਼ੀਆ ਕੱਪ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਕੋਰੋਨਾ ਕਾਰਨ ਮੁਲਤਵੀ ਹੋਇਆ ਹੈ।

Posted By: Harjinder Sodhi