ਬਰਸੇਸਟਰ (ਆਈਏਐੱਨਐੱਸ) : ਪਾਕਿਸਤਾਨ ਟੈਸਟ ਟੀਮ ਦੇ ਕਪਤਾਨ ਅਜ਼ਹਰ ਅਲੀ ਨੇ ਕਿਹਾ ਹੈ ਕਿ ਖਿਡਾਰੀਆਂ ਨੂੰ ਇੰਗਲੈਂਡ ਦੇ ਹਾਲਾਤ ਨਾਲ ਤਾਲਮੇਲ ਬਿਠਾਉਣ ਵਿਚ ਸਮਾਂ ਲੱਗੇਗਾ। ਪਾਕਿਸਤਾਨ ਨੇ ਇੰਗਲੈਂਡ ਵਿਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਤੇ ਇੰਨੇ ਹੀ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਤਿੰਨ ਮਹੀਨੇ ਦੇ ਵਕਫ਼ੇ ਤੋਂ ਬਾਅਦ ਟੀਮ ਨੇ 30 ਜੂਨ ਨੂੰ ਅਭਿਆਸ 'ਤੇ ਵਾਪਸੀ ਕੀਤੀ। ਅਜ਼ਹਰ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਬਾਅਦ ਕ੍ਰਿਕਟ ਖੇਡ ਰਹੇ ਹਾਂ ਤੇ ਪੂਰੀ ਤਾਕਤ ਨਾਲ ਸ਼ੁਰੂ ਕਰਨਾ ਸੌਖਾ ਨਹੀਂ ਹੋਣ ਵਾਲਾ ਹੈ। ਸਾਨੂੰ ਕਦਮ ਦਰ ਕਦਮ ਅੱਗੇ ਵਧਣਾ ਪਵੇਗਾ। ਮੈਂ ਇਸ ਗੱਲ ਨੂੰ ਲੈ ਕੇ ਖ਼ੁਸ਼ ਹਾਂ ਕਿ ਖਿਡਾਰੀ ਅਭਿਆਸ ਦੇ ਸਮੇਂ ਤੇ ਚਾਰ ਦਿਨਾ ਮੈਚ ਦੇ ਸਮੇਂ ਦਾ ਚੰਗੀ ਤਰ੍ਹਾਂ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਾਅਨੇ ਨਹੀਂ ਰੱਖਦਾ ਕਿ ਤੁਸੀਂ ਕਿੰਨਾ ਵੀ ਅਭਿਆਸ ਕਰ ਲਵੋ, ਮੈਚ ਖੇਡਣਾ ਹਮੇਸ਼ਾ ਤੋਂ ਫ਼ਾਇਦੇਮੰਦ ਹੁੰਦਾ ਹੈ। ਜੇ ਤੁਸੀਂ ਆਪਣੇ ਅਭਿਆਸ ਦਾ ਅੱਧਾ ਘੰਟਾ ਮੈਚ ਵਰਗੇ ਹਾਲਾਤ ਵਿਚ ਬਿਤਾਓਗੇ ਤਾਂ ਤੁਹਾਨੂੰ ਆਤਮਵਿਸ਼ਵਾਸ ਮਿਲੇਗਾ। ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਪਹਿਲਾ ਮੈਚ ਮਾਨਚੈਸਟਰ ਦੇ ਓਲਡ ਟਰੈਫਰਡ ਵਿਚ 13 ਤੋਂ 21 ਅਗਸਤ ਵਿਚਾਲੇ ਖੇਡਿਆ ਜਾਵੇਗਾ। ਅਜ਼ਹਰ ਨੇ ਕਿਹਾ ਕਿ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੇ ਹਾਲਾਤ ਨਾਲ ਤਾਲਮੇਲ ਬਿਠਾ ਲਿਆ ਹੈ। ਗੇਂਦਬਾਜ਼ਾਂ ਨੂੰ ਸ਼ੁਰੂਆਤ ਵਿਚ ਹਵਾ ਨਾਲ ਪਰੇਸ਼ਾਨੀ ਹੋ ਰਹੀ ਸੀ ਪਰ ਉਨ੍ਹਾਂ ਨੇ ਇਸ ਤੋਂ ਪਿੱਛਾ ਛੁਡਾਅ ਲਿਆ ਹੈ, ਜੋ ਕਾਫੀ ਚੰਗੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਯਕੀਨੀ ਤੌਰ 'ਤੇ ਖਿਡਾਰੀਆਂ ਨੂੰ ਤਾਲਮੇਲ ਬਿਠਾਉਣ ਲਈ ਸਮੇਂ ਦੀ ਲੋੜ ਹੈ। ਬ੍ਰੇਕ ਤੋਂ ਬਾਅਦ ਖਿਡਾਰੀ ਚੰਗੀ ਲੈਅ ਵਿਚ ਹਨ ਜੋ ਸਕਾਰਾਤਮਕ ਗੱਲ ਹੈ।