ਬੈਂਗਲੁਰੂ (ਪੀਟੀਆਈ) : ਭਾਰਤ ਦੇ ਟੀ-20 ਮਾਹਿਰ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਹੈਮਸਟਿ੍ੰਗ (ਮਾਸਪੇਸ਼ੀਆਂ 'ਚ ਖਿਚਾਅ) ਦੀ ਸੱਟ ਪੂਰੀ ਤਰ੍ਹਾਂ ਠੀਕ ਹੋਣ 'ਚ ਚਾਰ ਤੋਂ ਪੰਜ ਹਫ਼ਤੇ ਦਾ ਸਮਾਂ ਲੱਗੇਗਾ। ਉਹ ਇਸ ਸੱਟ ਕਾਰਨ ਆਈਪੀਐੱਲ ਦੇ ਪੂਰੇ ਸੈਸ਼ਨ 'ਚੋਂ ਬਾਹਰ ਹੋ ਗਏ ਸਨ। ਚਾਹਰ ਤੇ ਇਕ ਹੋਰ ਕੇਂਦਰੀ ਕਰਾਰ ਵਾਲੇ ਕ੍ਰਿਕਟਰ ਵਾਸ਼ਿੰਗਟਨ ਸੁੰਦਰ ਹੱਥ ਦੀ ਸੱਟ ਤੋਂ ਪਰੇਸ਼ਾਨ ਹਨ। ਇਹ ਦੋਵੇਂ ਖਿਡਾਰੀ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨਸੀਏ) 'ਚ ਟੀ ਨਟਰਾਜਨ ਦੇ ਨਾਲ ਰਿਹੈਬਿਲਿਟੇਸ਼ਨ 'ਚੋਂ ਗੁਜ਼ਰ ਰਹੇ ਹਨ। ਸਪਿੰਨ ਹਰਫ਼ਨਮੌਲਾ ਵਾਸ਼ਿੰਗਟਨ ਇੰਗਲੈਂਡ ਦੀ ਕਾਊਂਟੀ ਟੀਮ ਲੰਕਾਸ਼ਾਇਰ ਦੀ ਨੁਮਾਇੰਦਗੀ ਲਈ ਇੰਗਲੈਂਡ ਜਾਣ ਲਈ ਤਿਆਰ ਹਨ।

ਬੀਸੀਸੀਆਈ ਦੇ ਇਕ ਸੂਤਰ ਨੇ ਦੱਸਿਆ ਕਿ ਵਾਸ਼ਿੰਗਟਨ ਪੂਰੀ ਤਰ੍ਹਾਂ ਫਿਟਨੈੱਸ ਹਾਸਲ ਕਰਨ ਦੇ ਨੇੜੇ ਹਨ ਤੇ ਉਨ੍ਹਾਂ ਨੂੰ ਲੈਅ ਹਾਸਲ ਕਰਨ ਲਈ ਮੈਦਾਨ ਵਿਚ ਸਮਾਂ ਦੇਣਾ ਪਵੇਗਾ ਜੋ ਉਨ੍ਹਾਂ ਨੂੰ ਸਿਰਫ਼ ਲਾਲ ਗੇਂਦ ਦੀ ਕ੍ਰਿਕਟ ਵਿਚ ਮਿਲੇਗਾ। ਉਹ ਲੰਕਾਸ਼ਾਇਰ ਲਈ ਖੇਡਣ ਜਾ ਰਹੇ ਹਨ। ਇਸ ਨਾਲ ਉਹ ਬਿਹਤਰ ਸਥਿਤੀ ਵਿਚ ਰਹਿਣਗੇ।

ਕੋਲਕਾਤਾ ਵਿਚ ਵੈਸਟਇੰਡੀਜ਼ ਖ਼ਿਲਾਫ਼ ਘਰੇਲੂ ਸੀਰੀਜ਼ ਦੌਰਾਨ ਜ਼ਖ਼ਮੀ ਹੋਣ ਵਾਲੇ ਚਾਹਰ ਐੱਨਸੀਏ ਵਿਚ ਆਪਣੇ ਸਵੇਰ ਦੇ ਸੈਸ਼ਨ ਦੌਰਾਨ ਚੰਗੀ ਸਥਿਤੀ ਵਿਚ ਦਿਖਾਈ ਦਿੱਤੇ। ਉਨ੍ਹਾਂ ਨੇ ਆਪਣੇ ਰਿਹੈਬਸ ਸੈਸ਼ਨ ਤੋਂ ਬਾਅਦ ਕਿਹਾ ਕਿ ਮੈਂ ਆਪਣੇ ਰਿਹੈਬ ਪ੍ਰਰੋਗਰਾਮ ਮੁਤਾਬਕ ਅਜੇ ਇਕ ਵਾਰ 'ਚ ਚਾਰ ਤੋਂ ਪੰਜ ਓਵਰ ਗੇਂਦਬਾਜ਼ੀ ਦਾ ਅਭਿਆਸ ਕਰ ਰਿਹਾ ਹਾਂ। ਮੇਰੀ ਰਿਕਵਰੀ (ਸੱਟ ਦਾ ਠੀਕ ਹੋਣਾ) ਕਾਫੀ ਚੰਗੀ ਚੱਲ ਰਹੀ ਹੈ ਤੇ ਮੈਨੂੰ ਲਗਦਾ ਹੈ ਕਿ ਮੈਨੂੰ ਮੈਚ ਲਈ ਜ਼ਰੂਰੀ ਫਿਟਨੈੱਸ ਹਾਸਲ ਕਰਨ ਵਿਚ ਚਾਰ ਤੋਂ ਪੰਜ ਹਫ਼ਤੇ ਹੋਰ ਲੱਗਣਗੇ।

ਰਾਜਸਥਾਨ ਦੇ ਇਸ ਤੇਜ਼ ਗੇਂਦਬਾਜ਼ ਨੇ ਮੰਨਿਆ ਕਿ ਜੁਲਾਈ ਦੇ ਦੂਜੇ ਹਫ਼ਤੇ ਵਿਚ ਜਦ ਭਾਰਤ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਖੇਡੇਗਾ ਤਦ ਤਕ ਉਨ੍ਹਾਂ ਦਾ ਫਿੱਟ ਹੋਣਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਿੱਥੇ ਤਕ ਰਿਕਵਰੀ ਦਾ ਸਵਾਲ ਹੈ, ਇਹ ਇਕ ਕਦਮ ਦਰ ਕਦਮ ਪ੍ਰਕਿਰਿਆ ਹੈ। ਮੈਨੂੰ ਨਹੀਂ ਲਗਦਾ ਕਿ ਮੈਂ ਇੰਗਲੈਂਡ ਖ਼ਿਲਾਫ਼ ਟੀ-20 ਲਈ ਫਿੱਟ ਹੋ ਸਕਾਂਗਾ। ਇਕ ਵਾਰ ਜਦ ਮੈਂ ਫਿੱਟ ਹੋ ਜਾਂਦਾ ਹਾਂ ਤਾਂ ਮੈਨੂੰ ਆਪਣੀ ਫਿਟਨੈੱਸ ਦੀ ਜਾਂਚ ਲਈ ਕੁਝ ਕਲੱਬ ਪੱਧਰ ਦੇ ਮੈਚ ਖੇਡਣੇ ਪੈਣਗੇ।

ਚਾਹਰ ਹਾਲਾਂਕਿ ਇੱਥੇ ਬੱਲੇਬਾਜ਼ੀ ਅਭਿਆਸ ਦੌਰਾਨ ਸਹਿਜ ਦਿਖੇ। ਉਨ੍ਹਾਂ ਨੂੰ ਉਮੀਦ ਹੈ ਕਿ ਉਹ ਵੈਸਟਇੰਡੀਜ਼ ਦੌਰੇ ਤੋਂ ਪਹਿਲਾਂ ਫਿਟਨੈੱਸ ਹਾਸਲ ਕਰ ਲੈਣਗੇ। ਇਸ ਸਵਿੰਗ ਗੇਂਦਬਾਜ਼ ਨੇ ਕਿਹਾ ਕਿ ਮੈਂ ਸਪੱਸ਼ਟ ਤੌਰ 'ਤੇ ਅਜਿਹਾ ਨਹੀਂ ਕਹਿ ਸਕਦਾ, ਪਰ ਮੈਂ ਯਕੀਨੀ ਤੌਰ 'ਤੇ ਕੋਸ਼ਿਸ਼ ਕਰਾਂਗਾ ਕਿ ਤਦ ਤਕ ਫਿੱਟ ਹੋ ਜਾਵਾਂ। ਭਾਰਤ ਨੇ ਵੈਸਟਇੰਡੀਜ਼ ਵਿਚ 22 ਜੁਲਾਈ ਤੋਂ ਸੱਤ ਅਗਸਤ ਵਿਚਾਲੇ ਤਿੰਨ ਵਨ ਡੇ ਤੇ ਪੰਜ ਟੀ-20 ਮੈਚ ਖੇਡਣੇ ਹਨ।

Posted By: Gurinder Singh