ਆਬੂਧਾਬੀ (ਪੀਟੀਆਈ) : ਆਈਪੀਐੱਲ ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਤੋਂ ਪ੍ਰਭਾਵਿਤ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦੀ ਇਸ ਨੌਜਵਾਨ ਯੋਗਤਾ ਨੂੰ ਤਰਾਸ਼ਣ ਲਈ ਉਸ ਦੀ ਤਰੱਕੀ 'ਤੇ ਨਜ਼ਰ ਰੱਖਣੀ ਜ਼ਰੂਰੀ ਹੈ। ਜੰਮੂ ਦੇ 21 ਸਾਲ ਦੇ ਮਲਿਕ ਨੇ ਆਰਸੀਬੀ ਖ਼ਿਲਾਫ਼ 152.95 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਸੁੱਟੀ ਸੀ।

ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਹਰ ਸਾਲ ਇਸ ਟੂਰਨਾਮੈਂਟ ਤੋਂ ਕਈ ਨਵੀਆਂ ਯੋਗਤਾਵਾਂ ਨਿਕਲਦੀਆਂ ਹਨ। 150 ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦੇ ਦੇਖ ਕੇ ਚੰਗਾ ਲੱਗਾ। ਇੱਥੋਂ ਖਿਡਾਰੀ ਦੀ ਤਰੱਕੀ 'ਤੇ ਨਜ਼ਰ ਰੱਖੀ ਜਾਣੀ ਜ਼ਰੂਰੀ ਹੈ। ਤੇਜ਼ ਗੇਂਦਬਾਜ਼ਾਂ ਦਾ ਮਜ਼ਬੂਤ ਪੂਲ ਹੋਣਾ ਭਾਰਤੀ ਕ੍ਰਿਕਟ ਲਈ ਹਮੇਸ਼ਾ ਚੰਗਾ ਸੰਕੇਤ ਹੈ। ਇਸ ਤਰ੍ਹਾਂ ਦੀ ਯੋਗਤਾ ਨਜ਼ਰ ਆਉਣ 'ਤੇ ਤੁਹਾਡੀਆਂ ਨਜ਼ਰਾਂ ਉਨ੍ਹਾਂ 'ਤੇ ਰਹਿੰਦੀਆਂ ਹਨ ਤੇ ਤੁਸੀਂ ਯਕੀਨੀ ਬਣਾਉਣਾ ਚਾਹੁੰਦਾ ਹੋ ਕਿ ਉਹ ਆਪਣੀ ਯੋਗਤਾ ਵਿਚ ਵਾਧਾ ਕਰਨ। ਉਮਰਾਨ ਨੇ ਕੇਕੇਆਰ ਖ਼ਿਲਾਫ਼ ਆਪਣੇ ਪਹਿਲੇ ਮੈਚ ਵਿਚ 151.03 ਦੀ ਰਫ਼ਤਾਰ ਨਾਲ ਗੇਂਦ ਸੁੱਟੀ ਸੀ ਜੋ ਆਈਪੀਐੱਲ ਦੇ ਇਸ ਸੈਸ਼ਨ ਵਿਚ ਕਿਸੇ ਭਾਰਤੀ ਦੀ ਸਭ ਤੋਂ ਤੇਜ਼ ਗੇਂਦ ਸੀ।

ਉਸ ਤੋਂ ਬਾਅਦ ਆਰਸੀਬੀ ਖ਼ਿਲਾਫ਼ 152.95 ਦੀ ਰਫ਼ਤਾਰ ਨਾਲ ਗੇਂਦ ਸੁੱਟ ਕੇ ਉਨ੍ਹਾਂ ਨੇ ਆਈਪੀਐੱਲ ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਲਾਕੀ ਫਰਗਿਊਸਨ (152.75) ਦਾ ਰਿਕਾਰਡ ਤੋੜਿਆ। ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਵੀ ਉਮਰਾਨ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਮਰਾਨ ਖ਼ਾਸ ਹਨ। ਅਸੀਂ ਕੁਝ ਸੈਸ਼ਨਾਂ ਵਿਚ ਉਨ੍ਹਾਂ ਨੂੰ ਨੈੱਟਸ 'ਤੇ ਦੇਖਿਆ ਹੈ। ਉਨ੍ਹਾਂ ਨੂੰ ਮੈਚ ਵਿਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਦੇਖ ਕੇ ਹੈਰਾਨੀ ਨਹੀਂ ਹੋਈ। ਉਹ ਟੀਮ ਲਈ ਕਾਫੀ ਉਪਯੋਗੀ ਹਨ।