ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਦੇ ਸਭ ਤੋਂ ਤਜਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਸ਼ਨਿਚਰਵਾਰ ਨੂੰ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨਸੀਏ) ਵਿਚ ਫਿਟਨੈੱਸ ਟੈਸਟ ਦੇਣਗੇ। ਇਸ ਫਿਟਨੈੱਸ ਟੈਸਟ ਦਾ ਨਤੀਜਾ ਤੈਅ ਕਰੇਗਾ ਕਿ ਇਸ਼ਾਂਤ ਨਿਊਜ਼ੀਲੈਂਡ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਨਾਲ ਜੁੜਨਗੇ ਜਾਂ ਨਹੀਂ। ਇਹ ਟੈਸਟ ਸੀਰੀਜ਼ 21 ਫਰਵਰੀ ਤੋਂ ਵੇਲਿੰਗਟਨ ਵਿਚ ਸ਼ੁਰੂ ਹੋਵੇਗੀ ਜਦਕਿ ਦੂਜਾ ਟੈਸਟ 29 ਫਰਵਰੀ ਨੂੰ ਕ੍ਰਾਈਸਟਚਰਚ 'ਚ ਖੇਡਿਆ ਜਾਵੇਗਾ। ਭਾਰਤ ਨੇ ਹੈਮਿਲਟਨ ਵਿਚ ਸ਼ੁੱਕਰਵਾਰ ਤੋਂ ਤਿੰਨ ਦਿਨਾ ਅਭਿਆਸ ਮੈਚ ਖੇਡਣਾ ਹੈ ਤੇ ਜੇ ਇਸ਼ਾਂਤ ਨੂੰ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ ਤਾਂ ਉਹ ਪਹਿਲੇ ਟੈਸਟ ਲਈ ਸਿੱਧਾ ਵੇਲਿੰਗਟਨ ਲਈ ਉਡਾਣ ਭਰਨਗੇ। ਇਸ਼ਾਂਤ 100 ਟੈਸਟ ਮੈਚ ਖੇਡਣ ਵਾਲੇ ਕਪਿਲ ਦੇਵ ਤੋਂ ਬਾਅਦ ਦੂਜੇ ਭਾਰਤੀ ਤੇਜ਼ ਗੇਂਦਬਾਜ਼ ਬਣਨ ਤੋਂ ਸਿਰਫ਼ ਚਾਰ ਟੈਸਟ ਮੈਚ ਦੂਰ ਹਨ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਦਿੱਲੀ ਵੱਲੋਂ ਵਿਦਰਭ ਖ਼ਿਲਾਫ਼ ਰਣਜੀ ਟਰਾਫੀ ਮੈਚ ਖੇਡਣ ਦੌਰਾਨ ਇਸ਼ਾਂਤ ਦੇ ਸੱਜੇ ਪੈਰ ਦਾ ਗਿੱਟਾ ਮੁੜ ਗਿਆ ਸੀ। ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ ਦੇ ਇਕ ਅਧਿਕਾਰੀ ਨੇ ਉਸ ਸਮੇਂ ਹੋਏ ਐੱਮਆਰਆਈ ਸਕੈਨ ਦੇ ਆਧਾਰ 'ਤੇ ਕਿਹਾ ਸੀ ਕਿ ਇਸ ਤੇਜ਼ ਗੇਂਦਬਾਜ਼ ਦੇ ਗਿੱਟੇ ਵਿਚ ਗਰੇਡ ਤਿੰਨ ਪੱਧਰ ਦੀ ਸੱਟ ਲੱਗੀ ਹੈ ਜੋ ਉਨ੍ਹਾਂ ਦੇ ਨਿਊਜ਼ੀਲੈਂਡ ਦੌਰੇ ਨੂੰ ਮੁਸ਼ਕਲ ਵਿਚ ਪਾਸ ਸਕਦੀ ਹੈ। ਹਾਲਾਂਕਿ ਇਸ਼ਾਂਤ ਨੇ ਐੱਨਸੀਏ ਜਾ ਕੇ ਆਪਣਾ ਰਿਹੇਬ ਸ਼ੁਰੂ ਕੀਤਾ ਤੇ ਤੇਜ਼ੀ ਨਾਲ ਫਿੱਟ ਹੁੰਦੇ ਹੋਏ ਗੇਂਦਬਾਜ਼ੀ ਵੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਚੋਣਕਾਰਾਂ ਨੇ ਉਨ੍ਹਾਂ ਨੂੰ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਲਈ 16 ਮੈਂਬਰੀ ਟੈਸਟ ਟੀਮ ਵਿਚ ਸ਼ਾਮਲ ਕਰ ਲਿਆ ਪਰ ਉਨ੍ਹਾਂ ਦਾ ਖੇਡਣਾ ਉਨ੍ਹਾਂ ਦੀ ਫਿਟਨੈੱਸ ਨੂੰ ਹਰੀ ਝੰਡੀ ਮਿਲਣ 'ਤੇ ਹੀ ਨਿਰਭਰ ਕਰੇਗਾ।

ਹਾਰਦਿਕ ਪਾਂਡਿਆ ਨੇ ਵੀ ਸ਼ੁਰੂ ਕੀਤਾ ਅਭਿਆਸ

ਇਸ਼ਾਂਤ ਬੁੱਧਵਾਰ ਨੂੰ ਸਵੇਰੇ ਆਪਣੀ ਟੀਮ ਸਾਥੀ ਹਾਰਦਿਕ ਪਾਂਡਿਆ ਨਾਲ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਨਜ਼ਰ ਆਏ। ਇਹ ਉਹੀ ਮੈਦਾਨ ਹੈ ਜਿਸ 'ਤੇ ਹਾਰਦਿਕ ਪਿਛਲੀ ਵਾਰ ਪਿਛਲੇ ਸਾਲ 22 ਸਤੰਬਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਕੋਈ ਟੀ-20 ਮੈਚ ਖੇਡਦੇ ਨਜ਼ਰ ਆਏ ਸਨ। ਬੀਸੀਸੀਆਈ ਨੇ ਉਨ੍ਹਾਂ ਨੂੰ ਪਿਛਲੇ ਦਿਨੀਂ ਅਣਫਿੱਟ ਐਲਾਨਿਆ ਸੀ। ਬੀਸੀਸੀਆਈ ਨੇ ਕਿਹਾ ਸੀ ਕਿ ਇਹ ਹਰਫ਼ਨਮੌਲਾ ਅਕਤੂਬਰ ਵਿਚ ਹੋਈ ਪਿੱਠ ਦੀ ਸਰਜਰੀ ਤੋਂ ਬਾਅਦ ਤੋਂ ਬਾਅਦ ਪੂਰੀ ਤਰ੍ਹਾਂ ਫਿੱਟ ਨਹੀਂ ਹੋਇਆ ਹੈ। ਹਾਰਦਿਕ ਨੇ ਬੁੱਧਵਾਰ ਨੂੰ ਐੱਨਸੀਏ ਮੈਡੀਕਲ ਸਟਾਫ ਦੀ ਦੇਖਰੇਖ ਵਿਚ ਆਪਣਾ ਵਾਰਮਅਪ ਉਸ ਮੈਦਾਨ 'ਤੇ ਸ਼ੁਰੂ ਕੀਤਾ ਜਿੱਥੇ ਉਨ੍ਹਾਂ ਦੀ ਘਰੇਲੂ ਟੀਮ ਬੜੌਦਾ ਨੇ ਕਰਨਾਟਕ ਖ਼ਿਲਾਫ਼ ਗਰੁਪ ਗੇੜ ਦੇ ਆਖ਼ਰੀ ਗੇੜ ਦਾ ਰਣਜੀ ਟਰਾਫੀ ਮੈਚ ਸ਼ੁਰੂ ਕੀਤਾ।

ਪਿ੍ਥਵੀ ਤੋਂ ਪਹਿਲਾਂ ਸ਼ੁਭਮਨ ਗਿੱਲ ਨੂੰ ਮਿਲੇ ਮੌਕਾ : ਹਰਭਜਨ ਸਿੰਘ

ਸੀਨੀਅਰ ਆਫ ਸਪਿੰਨਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਭਾਰਤ ਲਈ ਪਿਛਲੇ ਦਿਨੀਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼ੁਭਮਨ ਗਿੱਲ ਟੈਸਟ ਕ੍ਰਿਕਟ ਵਿਚ ਸ਼ੁਰੂਆਤ ਕਰਨ ਲਈ ਤਿਆਰ ਹਨ। ਸ਼ੁਭਮਨ ਨੇ ਪਿਛਲੇ ਦਿਨੀਂ ਭਾਰਤ-ਏ ਵੱਲੋਂ ਨਿਊਜ਼ੀਲੈਂਡ ਦੇ ਮੱਧਕ੍ਰਮ ਵਿਚ ਖੇਡਦੇ ਹੋਏ ਪਹਿਲੇ ਟੈਸਟ ਮੈਚ ਵਿਚ 83 ਤੇ ਅਜੇਤੂ 204 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦੂਜੇ ਟੈਸਟ ਮੈਚ ਵਿਚ ਉਨ੍ਹਾਂ ਨੇ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਸੈਂਕੜਾ ਲਾਇਆ। ਪਿ੍ਰਥਵੀ ਸ਼ਾਅ ਵੀ ਆਖ਼ਰੀ ਇਲੈਵਨ ਵਿਚ ਚੋਣ ਦੇ ਦਾਅਵੇਦਾਰ ਹਨ ਜੋ 16 ਮਹੀਨੇ ਬਾਅਦ ਟੈਸਟ ਟੀਮ ਵਿਚ ਮੁੜੇ ਹਨ। ਚਿੱਟੀ ਗੇਂਦ ਦੀ ਕ੍ਰਿਕਟ ਵਿਚ ਸ਼ੁਭਮਨ ਦੀ ਸੂਬਾਈ ਟੀਮ ਦੇ ਕਪਤਾਨ ਰਹਿ ਚੁੱਕੇ ਹਰਭਜਨ ਨੇ ਕਿਹਾ ਕਿ ਸ਼ੁਭਮਨ ਨੂੰ ਮੌਕਾ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਰਿਜ਼ਰਵ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਕਾਫੀ ਸਮੇਂ ਤੋਂ ਟੀਮ ਵਿਚ ਹੈ ਜਦਕਿ ਉਨ੍ਹਾਂ ਨੇ ਅਜੇ ਤਕ ਕੋਈ ਟੈਸਟ ਮੈਚ ਵੀ ਨਹੀਂ ਖੇਡਿਆ ਹੈ। ਹਰਭਜਨ ਨੇ ਕਿਹਾ ਕਿ ਰੋਹਿਤ ਦੀ ਗ਼ੈਰਮੌਜੂਦਗੀ 'ਚ ਮੇਰਾ ਮੰਨਣਾ ਹੈ ਕਿ ਮਯੰਕ ਤੇ ਸ਼ੁਭਮਨ ਨੂੰ ਪਹਿਲਾ ਟੈਸਟ ਮੈਚ ਖੇਡਣਾ ਚਾਹੀਦਾ ਹੈ।

'ਮੈਂ ਮੰਨਦਾ ਹਾਂ ਕਿ ਸ਼ੁਭਮਨ ਸ਼ਾਨਦਾਰ ਲੈਅ ਵਿਚ ਹਨ ਪਰ ਪਿ੍ਰਥਵੀ ਨੇ ਮਯੰਕ ਤੋਂ ਵੀ ਪਹਿਲਾਂ ਟੈਸਟ ਕ੍ਰਿਕਟ ਵਿਚ ਸ਼ੁਰੂਆਤ ਕੀਤੀ। ਉਨ੍ਹਾਂ ਨੇ ਚੰਗਾ ਪ੍ਰਦਸ਼ਨ ਕੀਤਾ ਤੇ ਜ਼ਖ਼ਮੀ ਹੋਣ ਤੋਂ ਪਹਿਲਾਂ ਉਹ ਪਹਿਲੀ ਪਸੰਦ ਸਨ। ਪਿ੍ਰਥਵੀ ਟੀਮ ਵਿਚ ਥਾਂ ਵਾਪਿਸ ਹਾਸਲ ਕਰਨ ਦੇ ਹੱਕਦਾਰ ਹਨ। ਸ਼ੁਭਮਨ ਨੂੰ ਉਡੀਕ ਕਰਨੀ ਪਵੇਗੀ।

-ਦੀਪ ਦਾਸ ਗੁਪਤਾ, ਸਾਬਕਾ ਭਾਰਤੀ ਕ੍ਰਿਕਟਰ