ਨਵੀਂ ਦਿੱਲੀ (ਪੀਟੀਆਈ) : ਭਾਰਤੀ ਕ੍ਰਿਕਟ ਟੀਮ ਦੇ ਹਰਫ਼ਨਮੌਲਾ ਇਰਫ਼ਾਨ ਪਠਾਨ ਨੇ ਕਿ੍ਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਆਪਣੇ ਕਰੀਅਰ ਦੌਰਾਨ ਜ਼ਿਆਦਾ ਸਮਾਂ ਸੱਟਾਂ ਨਾਲ ਜੂਝਦੇ ਰਹੇ ਜਿਸ ਕਾਰਨ ਆਪਣੀ ਅਸਲੀ ਯੋਗਤਾ ਦਿਖਾਉਣ ਵਿਚ ਨਾਕਾਮ ਰਹੇ। ਇਸ 35 ਸਾਲਾ ਖਿਡਾਰੀ ਨੇ ਸਟਾਰ ਸਪੋਰਟਸ 'ਤੇ ਇਕ ਵੀਡੀਓ ਰਾਹੀਂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।

ਉਨ੍ਹਾਂ ਦਾ ਸੰਨਿਆਸ ਲੈਣਾ ਤੈਅ ਮੰਨਿਆ ਜਾ ਰਿਹਾ ਸੀ ਕਿਉਂਕਿ ਉਨ੍ਹਾਂ ਨੇ ਆਪਣਾ ਆਖ਼ਰੀ ਮੈਚ ਫਰਵਰੀ 2019 ਵਿਚ ਜੰਮੂ ਕਸ਼ਮੀਰ ਵੱਲੋਂ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਖੇਡਿਆ ਸੀ। ਉਨ੍ਹਾਂ ਨੇ ਇੱਥੇ ਤਕ ਕਿ ਪਿਛਲੇ ਮਹੀਨੇ ਖ਼ੁਦ ਨੂੰ ਆਈਪੀਐੱਲ ਦੇ ਨਿਲਾਮੀ ਪੂਲ ਵਿਚ ਵੀ ਨਹੀਂ ਰੱਖਿਆ ਸੀ।

ਉਹ ਬਹੁਤ ਤੇਜ਼ੀ ਨਾਲ ਗੇਂਦਬਾਜ਼ੀ ਨਹੀਂ ਕਰਦੇ ਸਨ ਪਰ ਸੱਜੇ ਹੱਥ ਦੇ ਬੱਲੇਬਾਜ਼ਾਂ ਲਈ ਸਵਿੰਗ ਕਰਵਾਉਣ ਦੀ ਯੋਗਤਾ ਕਾਰਨ ਉਨ੍ਹਾਂ ਨੂੰ ਜਲਦੀ ਕਾਮਯਾਬੀ ਮਿਲਣ ਲੱਗੀ ਸੀ ਤੇ ਉਨ੍ਹਾਂ ਦੀ ਕਪਿਲ ਦੇਵ ਨਾਲ ਵੀ ਤੁਲਨਾ ਕੀਤੀ ਜਾਣ ਲੱਗੀ ਸੀ। ਇਰਫ਼ਾਨ ਪਠਾਨ ਨੀਲੀ ਜਰਸੀ 'ਚ ਭਾਰਤ ਲਈ ਖੇਡਦੇ ਹੋਏ ਆਖ਼ਰੀ ਵਾਰ ਦੋ ਅਕਤੂਬਰ 2012 ਨੂੰ ਦਿਸੇ ਸਨ। ਉਹ ਪਿਛਲੇ ਸੱਤ ਸਾਲਾਂ ਤੋਂ ਟੀਮ ਇੰਡੀਆ 'ਚੋਂ ਬਾਹਰ ਚੱਲ ਰਹੇ ਸਨ।

16 ਸਾਲ ਕੌਮਾਂਤਰੀ ਕਰੀਅਰ ਦੀ ਹੋਈ ਸਮਾਪਤੀ

ਉਨ੍ਹਾਂ ਨੇ 35 ਸਾਲ ਦੀ ਉਮਰ 'ਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ। ਇਸ ਫ਼ੈਸਲੇ ਤੋਂ ਬਾਅਦ ਉਸ ਦੇ 16 ਸਾਲ ਦੇ ਕੌਮਾਂਤਰੀ ਕਰੀਅਰ ਦੀ ਸਮਾਪਤੀ ਹੋ ਗਈ। ਉਨ੍ਹਾਂ ਕਿਹਾ ਕਿ ਮੈਂ ਜਿਸ ਮੁਕਾਮ 'ਤੇ ਪਹੁੰਚਿਆ ਉਸ ਲਈ ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦਾ ਹਾਂ।

ਉਨ੍ਹਾਂ ਕਿਹਾ ਕਿ ਮੈਂ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਵਰਿੰਦਰ ਸਹਿਵਾਗ, ਗੌਤਮ ਗੰਭੀਰ ਵਰਗੇ ਕ੍ਰਿਕਟਰਾਂ ਨਾਲ ਡ੍ਰੈਸਿੰਗ ਰੂਮ ਸਾਂਝਾ ਕੀਤਾ ਇਹ ਮੇਰਾ ਨਸੀਬ ਸੀ। ਉਨ੍ਹਾਂ ਆਪਣੇ ਕ੍ਰਿਕਟ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਕੁਝ ਵੀ ਮਿਲਿਆ ਆਪਣੇ ਪ੍ਰਸ਼ੰਸਕਾਂ ਕਾਰਨ ਹੀ ਮਿਲਿਆ। ਇਹ ਪ੍ਰਸ਼ੰਸਕ ਹੀ ਸਨ ਜਿਨ੍ਹਾਂ ਨੇ ਕਦੇ ਵੀ ਕਿਸੇ ਵੀ ਹਾਲਾਤ 'ਚ ਮੇਰਾ ਸਾਥ ਨਹੀਂ ਛੱਡਿਆ। ਉਨ੍ਹਾਂ ਦਾ ਤਹਿ-ਦਿਲੋਂ ਸ਼ੁਕਰੀਆ।

ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਬਣੇ ਮੈਨ ਆਫ ਦ ਮੈਚ

ਭਾਰਤ ਨੇ ਧੋਨੀ ਦੀ ਕਪਤਾਨੀ 'ਚ ਹੁਣ ਤਕ ਇਕਮਾਤਰ ਟੀ-20 ਵਿਸ਼ਵ ਕੱਪ ਦਾ ਖ਼ਿਤਾਬ 2007 'ਚ ਜਿੱਤਿਆ ਸੀ। ਭਾਰਤ ਨੇ ਫਾਈਨਲ ਮੈਚ 'ਚ ਪਾਕਿਸਤਾਨ ਨੂੰ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕੀਤਾ ਸੀ। ਇਸ ਫਾਈਨਲ ਮੈਚ 'ਚ ਇਰਫ਼ਾਨ ਪਠਾਨ ਆਪਣੀ ਖ਼ਤਰਨਾਕ ਗੇਂਦਬਾਜ਼ੀ ਦੇ ਜ਼ੋਰ 'ਤੇ ਮੈਨ ਆਫ਼ ਦਾ ਮੈਚ ਬਣੇ ਸਨ।

ਉਸ ਨੇ ਫਾਈਨਲ ਮੈਚ 'ਚ ਚਾਰ ਓਵਰਾਂ 'ਚ 16 ਦੌੜਾਂ ਦੇ ਕੇ ਤਿੰਨ ਅਹਿਮ ਵਿਕਟਾਂ ਲਈਆਂ ਸਨ। ਇਫ਼ਰਾਨ ਪਠਾਨ ਨੇ ਦੱਸਿਆ ਕਿ ਉਸ ਮੈਚ 'ਚ ਮੈਂ ਤਿੰਨ ਵਿਕਟਾਂ ਲਈਆਂ, ਪਰ ਸਭ ਤੋਂ ਵੱਡੀ ਵਿਕਟ ਸ਼ਾਹਿਦ ਅਫਰੀਦੀ ਦੀ ਸੀ। ਵਿਸ਼ਵ ਕੱਪ ਜਿੱਤਣਾ ਮੇਰੇ ਜੀਵਨ ਦਾ ਸਭ ਤੋਂ ਹਸੀਨ ਪਲ਼ ਸੀ।

ਗੇਂਦਬਾਜ਼ੀ 'ਚ ਪ੍ਰਦਰਸ਼ਨ

ਭਾਰਤ ਲਈ ਇਰਫ਼ਾਨ ਪਠਾਨ ਨੇ 29 ਟੈਸਟ ਤੇ 24 ਟੀ-20 ਮੁਕਾਬਲੇ ਖੇਡੇ। ਉਸ ਨੇ 29 ਟੈਸਟ ਮੈਚਾਂ 'ਚ 100 ਵਿਕਟਾਂ ਲਹੀਆਂ। ਇਕ ਪਾਰੀ 'ਚ ਉਸ ਦਾ ਸਰਬੋਤਮ ਪ੍ਰਦਰਸ਼ਨ 59 ਦੌੜਾਂ ਦੇ ਕੇ ਸੱਤ ਵਿਕਟਾਂ ਰਿਹਾ, ਉੱਥੇ ਇਕ ਟੈਸਟ 'ਚ ਉਸ ਦਾ ਸਰਬੋਤਮ ਪ੍ਰਦਰਸ਼ਨ 126 ਦੌੜਾਂ ਦੇ ਕੇ 12 ਵਿਕਟਾਂ ਰਿਹਾ। ਇਕ ਰੋਜ਼ਾ ਦੀ ਗੱਲ ਕਰੀਏ ਤਾਂ ਉਸ ਨੇ 120 ਇਕ ਰੋਜ਼ਾ ਮੈਚਾਂ 'ਚ 173 ਵਿਕਟਾਂ ਲਈਆਂ ਅਤੇ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ 27 ਦੌੜਾਂ ਦੇ ਕੇ ਪੰਜ ਵਿਕਟਾਂ ਰਿਹਾ। ਉੱਥੇ 24 ਟੀ-20 ਕੌਮਾਂਤਰੀ ਮੈਚਾਂ 'ਚ ਉਸ ਨੇ ਕੁੱਲ 28 ਵਿਕਟਾਂ ਲਈਆਂ ਅਤੇ ਉਸ ਦਾ ਸਰਬੋਤਮ ਪ੍ਰਦਰਸ਼ਨ 16 ਦੌੜਾਂ ਦੇ ਕੇ ਤਿੰਨ ਵਿਕਟਾਂ ਰਿਹਾ।

ਬੱਲੇਬਾਜ਼ੀ 'ਚ ਪਾਇਆ ਯੋਗਦਾਨ

ਕੌਮਾਂਤਰੀ ਕਰੀਅਰ 'ਚ ਉਨ੍ਹਾਂ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਉਸ ਨੇ 29 ਟੈਸਟ ਮੈਚਾਂ 'ਚ 1105 ਦੌੜਾਂ ਬਣਾਈਆਂ ਸਨ, ਜਿਨ੍ਹਾਂ 'ਚ ਇਕ ਸੈਂਕੜਾ ਵੀ ਸ਼ਾਮਲ ਸੀ। ਟੈਸਟ 'ਚ ਉਨ੍ਹਾਂ ਦੀ ਸਰਬੋਤਮ ਪਾਰੀ 102 ਦੌੜਾਂ ਦੀ ਰਹੀ ਸੀ। ਉੱਥੇ 120 ਇਕ ਰੋਜ਼ਾ ਮੈਚਾਂ 'ਚ ਉਸ ਨੇ 1544 ਦੌੜਾਂ ਬਣਾਈਆਂ। ਇਕ ਰੋਜ਼ਾ 'ਚ ਉਸ ਦੀ ਸਰਬੋਤਮ ਪਾਰੀ 83 ਦੌੜਾਂ ਸੀ। ਉਸ ਨੇ 24 ਟੀ-20 ਮੈਚਾਂ 'ਚ 172 ਦੌੜਾਂ ਬਣਾਈਆਂ ਸਨ। ਟੀ-20 'ਚ ਉਸ ਦਾ ਸਰਬੋਤਮ ਸਕੋਰ ਅਜੇਤੂ 33 ਦੌੜਾਂ ਸੀ।

ਭਾਰਤ ਲਈ ਪਹਿਲਾ ਤੇ ਆਖ਼ਰੀ ਮੈਚ

ਇਰਫ਼ਾਨ ਪਠਾਨ ਨੇ ਸਾਲ 2003 'ਚ 12 ਦਸੰਬਰ ਨੂੰ ਆਸਟ੍ਰੇਲੀਆ ਖ਼ਿਲਾਫ਼ ਟੈਸਟ 'ਚ ਸ਼ੁਰੂਆਤ ਕੀਤੀ ਸੀ। ਭਾਰਤ ਲਈ ਉਸ ਨੇ ਆਖ਼ਰੀ ਟੈਸਟ ਮੈਚ ਪੰਜ ਅਪ੍ਰੈਲ 2008 'ਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡਿਆ। ਇਕ ਰੋਜ਼ਾ ਦੀ ਗੱਲ ਕਰੀਏ ਤਾਂ ਉਸ ਨੇ ਆਸਟ੍ਰੇਲੀਆ ਖ਼ਿਲਾਫ਼ ਨੌਂ ਜਨਵਰੀ 2004 ਨੂੰ ਸ਼ੁਰੂਆਤ ਕੀਤੀ ਸੀ ਅਤੇ ਭਾਰਤ ਲਈ ਆਖ਼ਰੀ ਇਕ ਰੋਜ਼ਾ ਚਾਰ ਅਗਸਤ 2012 'ਚ ਸ੍ਰੀਲੰਕਾ ਖ਼ਿਲਾਫ਼ ਖੇਡਿਆ ਸੀ। ਉੱਥੇ, ਉਸ ਨੇ ਟੀਮ ਇੰਡੀਆ ਲਈ ਪਹਿਲਾ ਟੀ-20 ਇਕ ਦਸੰਬਰ 2006 ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਜਦੋਂਕਿ ਆਖ਼ਰੀ ਮੈਚ ਦੋ ਅਕਤੂਬਰ 2012 ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਹੀ ਖੇਡਿਆ ਸੀ।

ਪਾਕਿਸਤਾਨ ਖ਼ਿਲਾਫ਼ ਲਈ ਸੀ ਹੈਟਿ੍ਕ

ਪਾਕਿਸਤਾਨ ਖ਼ਿਲਾਫ਼ 2006 ਵਿਚ ਉਹ ਹਰਭਜਨ ਸਿੰਘ ਤੋਂ ਬਾਅਦ ਟੈਸਟ ਮੈਚਾਂ ਵਿਚ ਹੈਟਿ੍ਕ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣੇ ਸਨ। ਉਨ੍ਹਾਂ ਨੇ ਕਰਾਚੀ ਮੈਚ ਵਿਚ ਸਲਮਾਨ ਬਟ, ਯੂਨਸ ਖ਼ਾਨ ਤੇ ਮੁਹੰਮਦ ਯੂਸਫ ਨੂੰ ਆਊਟ ਕਰ ਕੇ ਹੈਟਿ੍ਕ ਬਣਾਈ ਸੀ।

ਉਨ੍ਹਾਂ ਨੇ ਪਰਥ ਦੀ ਮੁਸ਼ਕਲ ਵਿਕਟ 'ਤੇ ਭਾਰਤ ਨੂੰ ਆਸਟ੍ਰੇਲੀਆ ਖ਼ਿਲਾਫ਼ ਟੈਸਟ ਮੈਚ ਵਿਚ ਜਿੱਤ ਦਿਵਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਖ਼ਰਾਬ ਲੈਅ ਨਾਲ ਜੂਝਣਾ ਪਿਆ ਤੇ ਉਹ ਪਹਿਲਾਂ ਵਾਂਗ ਗੇਂਦ ਨੂੰ ਸਵਿੰਗ ਕਰਵਾਉਣ ਵਿਚ ਵੀ ਮਾਹਿਰ ਨਹੀਂ ਰਹੇ।

ਵਸੀਮ ਅਕਰਮ ਨੂੰ ਦੱਸਿਆ ਪ੍ਰੇਰਣਾਸ੍ਰੋਤ

ਇਰਫ਼ਾਨ ਪਠਾਨ ਨੇ ਵਸੀਮ ਅਕਰਮ ਨੂੰ ਆਪਣਾ ਪ੍ਰੇਰਣਾਸ੍ਰੋਤ ਦੱਸਿਆ। ਉਸ ਨੇ ਕਿਹਾ ਕਿ ਬਚਪਨ 'ਚ ਹੀ ਉਹ ਵਸੀਮ ਨੂੰ ਖੇਡਦੇ ਵੇਖਦਾ ਸੀ। ਉਸ ਦਾ ਗੇਂਦ ਸੁੱਟਣ ਦਾ ਐਕਸ਼ਨ, ਸਵਿੰਗ ਦੀ ਕਾਬਲੀਅਤ, ਰਿਵਰਸ ਸਵਿੰਗ ਸੁੱਟਣ ਦੀ ਕਲਾ ਨੇ ਉਨ੍ਹਾਂ ਨੂੰ ਕ੍ਰਿਕਟ ਖੇਡਣ ਲਈ ਪ੍ਰੇਰਿਤ ਕੀਤਾ।

Posted By: Jagjit Singh