ਨਵੀਂ ਦਿੱਲੀ: IPL 2020 R Ashwin Kings XI Punjab: ਟੀਮ ਇੰਡੀਆ ਦੇ ਅਨੁਭਵੀ ਗੇਂਦਬਾਜ਼ ਆਰ ਅਸ਼ਵਿਨ ਪਿਛਲੇ ਦੋ ਸਾਲਾ ਤੋਂ ਇੰਡੀਅਨ ਪ੍ਰੀਮੀਅਮ ਲੀਗ ਯਾਨੀ ਆਈਪੀਐੱਲ ਫ੍ਰੈਂਚਾਇਜ਼ੀ ਕਿੰਗਜ਼ ਇਲੈਵਨ ਪੰਜਾਬ ਟੀਮ ਦੇ ਕਪਤਾਨ ਹਨ। ਹੁਣ ਖ਼ਬਰ ਹੈ ਕਿ ਆਰ ਅਸ਼ਵਿਨ ਆਈਪੀਐੱਲ ਦੇ ਅਗਲੇ ਸੀਜ਼ਨ ਲਈ ਨਵੀਂ ਟੀਮ ਨਾਲ ਜੁੜਨ ਜਾ ਰਹੇ ਹਨ। ਅਜਿਹੇ ’ਚ ਆਰ ਅਸ਼ਵਿਨ ਤੋਂ ਬਾਅਦ ਪੰਜਾਬ ਟੀਮ ਦਾ ਕਪਤਾਨ ਕੌਣ ਹੋਵੇਗਾ, ਇਸ ਰਾਜ਼ ਤੋਂ ਪਰਦਾ ਲਗਪਗ ਉੱਠ ਹੀ ਗਿਆ ਹੈ।

ਆਰ ਅਸ਼ਵਿਨ ਆਈਪੀਐੱਲ 2020 ’ਚ ਦਿੱਲੀ ਕੈਪੀਟਲਜ਼ ਵੱਲੋਂ ਖੇਡਦੇ ਨਜ਼ਰ ਆਉਣਗੇ, ਜਿਸ ਦਾ ਅਧਿਾਕਰਕ ਐਲਾਨ ਜਲਦ ਹੋਣ ਵਾਲਾ ਹੈ। ਅਸ਼ਵਿਨ ਦੇ ਕਿੰਗਜ਼ ਇਲੈਵਨ ਪੰਜਾਬ ਟੀਮ ਨੂੰ ਛੱਡਣ ਤੋਂ ਬਾਅਦ ਟੀਮ ਦੀ ਕਮਾਨ ਦਾ ਵੀ ਐਲਾਨ ਕੀਤਾ ਜਾਵੇਗਾ। ਖ਼ਬਰ ਹੈ ਕਿ ਮੋਹਾਲੀ ਬੇਸਡ ਆਈਪੀਐੱਲ ਫ੍ਰੈਂਚਾਇਜ਼ੀ ਵਿਰਾਟ ਕੋਹਲੀ ਦੇ ਚਹੇਤੇ ਖਿਡਾਰੀ ਯਾਨੀ ਕੇਐੱਲ ਰਾਹੁਲ ਨੂੰ ਟੀਮ ਦੀ ਕਮਾਨ ਸੌਂਪ ਸਕਦੀ ਹੈ, ਜੋ ਕਾਫ਼ੀ ਸਮੇਂ ਤੋਂ ਕਿੰਗਜ਼ ਇਲਵੈਨ ਪੰਜਾਬ ਨਾਲ ਜੁੜੇ ਹੋਏ ਹਨ। ਇਸ ਦੇ ਨਾਲ ਹੀ ਕੇਐੱਲ ਰਾਹੁਲ ਲਗਾਤਾਰ ਚੰਗਾ ਪ੍ਰਦਰਸ਼ਨ ਵੀ ਕਰ ਰਹੇ ਹਨ।

ਸ਼ਰੇਅਰ ਅਈਅਰ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਜ਼ ਆਰ ਅਸ਼ਵਿਨ ਨੂੰ ਖਰੀਦ ਸਕਦੀ ਹੈ। ਇਸ ਸਬੰਧੀ ਕਿੰਗਜ਼ ਇਲੈਵਨ ਪੰਜਾਬ ਤੇ ਦਿੱਲੀ ਕੈਪੀਟਲਜ਼ ’ਚ ਗੱਲਬਾਤ ਹੋ ਚੁੱਕੀ ਹੈ। ਦਸਤਾਵੇਜ਼ ਪੂਰੇ ਹੋਣ ਤੋਂ ਬਾਅਦ ਅਸ਼ਵਿਨ ਦੇ ਦਿੱਲੀ ਟੀਮ ਨਾਲ ਜੁੜਨ ਦਾ ਅਧਿਕਾਰਕ ਐਲਾਨ ਵੀ ਹੋ ਜਾਵੇਗਾ।

ਜ਼ਿਕਰਯੋਗ ਹੈ ਕਿ ਆਰ ਅਸ਼ਵਿਨ ਨੂੰ ਸਾਲ 2018 ’ਚ ਕਿੰਗਜ਼ ਇਲੈਵਨ ਪੰਜਾਬ ਨੇ 7.6 ਕਰੋੜ ’ਚ ਖਰੀਦਿਆ ਸੀ। ਇਸ ਤੋਂ ਇਲਾਵਾ ਆਰ ਅਸ਼ਵਿਨ ਨੂੰ ਟੀਮ ਦੀ ਕਪਤਾਨੀ ਵੀ ਸੌਂਪੀ ਗਈ ਸੀ, ਪਰ ਸਾਲ 2018 ਤੇ 2019 ਦੇ ਆਈਪੀਐੱਲ ਸੈਸ਼ਨ ’ਚ ਟੀਮ ਪਲੇਅ ਆਫ਼ ਤੋਂ ਪਹਿਲਾਂ ਹੀ ਬਾਹਰ ਹੋ ਗਈ ਸੀ। ਦੱਸ ਦੇਈਏ ਕਿ ਆਰ ਅਸ਼ਵਿਨ ਕਾਫ਼ੀ ਸਮੇਂ ਤੋਂ ਭਾਰਤੀ ਟੀਮ ਦੀ ਪਲੈਇੰਗ ਇਲੈਵਨ ਤੋਂ ਬਾਹਰ ਚੱਲ ਰਹੇ ਹਨ।

Posted By: Akash Deep