ਚੇਨਈ (ਪੀਟੀਆਈ) : ਆਈਪੀਐੱਲ ਦੇ ਮੌਜੂਦਾ ਸੈਸ਼ਨ 'ਚ ਚੇਨਈ ਦੇ ਚੇਪਕ ਸਟੇਡੀਅਮ 'ਚ ਖੇਡੇ ਜਾ ਰਹੇ ਮੈਚਾਂ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਦਾ ਦਬਦਬਾ ਰਿਹਾ ਹੈ ਪਰ ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਮਹੇਲਾ ਜੈਵਰਧਨੇ ਨੇ ਕਿਹਾ ਕਿ ਇੱਥੋਂ ਦੀ ਪਿੱਚ 'ਤੇ ਖੇਡਣਾ ਨਾਮੁਮਕਿਨ ਨਹੀਂ ਹੈ ਪਰ ਇਹ ਪਿੱਚ ਹੌਲੀ ਹੈ।

ਹੁਣ ਤਕ ਇੱਥੇ ਖੇਡੇ ਗਏ ਛੇ ਮੈਚਾਂ 'ਚ ਸਿਰਫ ਤਿੰਨ ਵਾਰ ਟੀਮਾਂ ਨੇ 150 ਤੋਂ ਵੱਧ ਦੌੜਾਂ ਬਣਾਈਆਂ ਜਦੋਂ ਕਿ ਪੰਜ ਮੈਚਾਂ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ। ਐਤਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡਿਆ ਗਿਆ ਮੁਕਾਬਲਾ ਹਾਲਾਂਕਿ ਜ਼ਿਆਦਾ ਸਕੋਰ ਵਾਲਾ ਰਿਹਾ ਸੀ ਜਿਸ 'ਚ ਵਿਰਾਟ ਕੋਹਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 'ਤੇ 204 ਦੌੜਾਂ ਬਣਾਉਣ ਤੋਂ ਬਾਅਦ 38 ਦੌੜਾਂ ਨਾਲ ਜਿੱਤ ਦਰਜ ਕੀਤੀ।

ਜੈਵਰਧਨੇ ਨੇ ਕਿਹਾ ਕਿ ਇਹ ਬੱਲੇਬਾਜ਼ੀ ਲਈ ਨਾਮੁਮਕਿਨ ਵਿਕਟ ਨਹੀਂ ਹੈ। ਇਹ ਚੰਗੀ ਤੇ ਮੁਕਾਬਲੇ ਵਾਲੀ ਪਿੱਚ ਹੈ। ਕਿਸੇ ਵੀ ਟੀਮ ਜਾਂ ਬੱਲੇਬਾਜ਼ ਲਈ ਹਾਲਾਤ ਨਾਲ ਤਾਲਮੇਲ ਬਿਠਾਉਣਾ ਅਹਿਮ ਹੁੰਦਾ ਹੈ। ਇਸ ਮਾਮਲੇ 'ਚ ਅਸੀਂ ਆਪਣੀ ਯੋਜਨਾ 'ਤੇ ਖਰੇ ਉਤਰੇ ਹਾਂ। ਇਹ ਚੁਣੌਤੀਪੂਰਨ ਹੈ ਪਰ ਸਾਡੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।

ਸ੍ਰੀਲੰਕਾ ਦੇ 43 ਸਾਲ ਦੇ ਇਸ ਸਾਬਕਾ ਖਿਡਾਰੀ ਨੇ ਦੱਸਿਆ ਕਿ ਇੰਗਲੈਂਡ ਖ਼ਿਲਾਫ਼ ਸੀਰੀਜ਼ 'ਚ ਸੱਟ ਕਾਰਨ ਹਾਰਦਿਕ ਪਾਂਡਿਆ ਨੇ ਹੁਣ ਤਕ ਤਕ ਗੇਂਦਬਾਜ਼ੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇਸ ਸੈਸ਼ਨ 'ਚ ਉਨ੍ਹਾਂ ਦੀ ਗੇਂਦਬਾਜ਼ੀ ਨੂੰ ਦੇਖਣ ਦੀ ਉਡੀਕ ਕਰ ਰਹੇ ਹਾਂ ਪਰ ਇੰਗਲੈਂਡ ਖ਼ਿਲਾਫ਼ ਆਖਰੀ ਵਨਡੇ ਸੀਰੀਜ਼ 'ਚ ਉਨ੍ਹਾਂ ਨੂੰ ਮਾਮੂਲੀ ਸੱਟ ਲੱਗ ਗਈ ਸੀ। ਉਹ ਸੱਟ ਤੋਂ ਉਭਰ ਰਹੇ ਹਨ। ਅਸੀਂ ਉਨ੍ਹਾਂ ਬਾਰੇ ਕੋਈ ਵੀ ਜੋਖਮ ਨਹੀਂ ਲੈਣਾ ਚਾਹੁੰਦੇ। ਉਮੀਦ ਹੈ ਕਿ ਅਗਲੇ ਕੁਝ ਹਫਤਿਆਂ 'ਚ ਉਹ ਗੇਂਦਬਾਜ਼ੀ ਕਰਦੇ ਹੋਏ ਦਿਸਣਗੇ।