ਹੈਦਰਾਬਾਦ (ਪੀਟੀਆਈ) : ਪਿਛਲੇ ਸੈਸ਼ਨ ਦੀ ਉੱਪ ਜੇਤੂ ਰਾਜਸਥਾਨ ਰਾਇਲਜ਼ ਦੀ ਟੀਮ ਆਈਪੀਐੱਲ ਦੇ ਇਸ ਸੈਸ਼ਨ ਵਿਚ ਐਤਵਾਰ ਨੂੰ ਜਦ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਪਹਿਲਾ ਮੈਚ ਖੇਡਣ ਉਤਰੇਗੀ ਤਾਂ ਉਸ ਦਾ ਇਰਾਦਾ ਪਿਛਲੇ ਪ੍ਰਦਰਸ਼ਨ ਨੂੰ ਦੁਹਰਾਉਣ ਦਾ ਹੋਵੇਗਾ।
ਸੰਜੂ ਸੈਮਸਨ ਦੀ ਅਗਵਾਈ ਵਿਚ ਰਾਜਸਥਾਨ ਨੇ ਪਿਛਲੇ ਸੈਸ਼ਨ ਵਿਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਉਸ ਦੇ ਗੇਂਦਬਾਜ਼ ਯੁਜਵਿੰਦਰ ਸਿੰਘ ਚਹਿਲ ਨੇ ਸਭ ਤੋਂ ਵੱਧ ਵਿਕਟਾਂ ਲੈ ਕੇ ਪਰਪਲ ਕੈਪ ਤੇ ਬੱਲੇਬਾਜ਼ ਜੋਸ ਬਟਲਰ ਨੇ ਸਭ ਤੋਂ ਵੱਧ ਦੌੜਾਂ ਬਣਾ ਕੇ ਆਰੇਂਜ ਕੈਪ ਆਪਣੇ ਨਾਂ ਕੀਤੀ ਸੀ। ਬਹੁਤ ਸੰਤੁਲਿਤ ਤੇ ਮਜ਼ਬੂਤ ਟੀਮ ਹੋਣ ਦੇ ਨਾਲ ਰਾਜਸਥਾਨ ਕੋਲ ਚਹਿਲ, ਰਵੀਚੰਦਰਨ ਅਸ਼ਵਿਨ ਤੇ ਆਸਟ੍ਰੇਲੀਆ ਦੇ ਐਡਮ ਜ਼ਾਂਪਾ ਦੇ ਰੂਪ ਵਿਚ ਸਭ ਤੋਂ ਚੰਗੀ ਸਪਿੰਨ ਤਿਕੜੀ ਵੀ ਹੈ। ਸਨਰਾਈਜ਼ਰਜ਼ ਦੇ ਬੱਲੇਬਾਜ਼ਾਂ ਨੂੰ ਲੈੱਗ ਸਪਿੰਨਰ ਚਹਿਲ ਤੋਂ ਖ਼ਾਸ ਤੌਰ 'ਤੇ ਬਚਣਾ ਪਵੇਗਾ ਜਿਸ ਨੇ 2022 ਸੈਸ਼ਨ ਵਿਚ 27 ਵਿਕਟਾਂ ਲਈਆਂ ਸਨ। ਦੂਜੇ ਪਾਸੇ ਅਸ਼ਵਿਨ ਨੇ ਪਿਛਲੇ ਦਿਨੀਂ ਬਾਰਡਰ ਗਾਵਸਕਰ ਟਰਾਫੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਚਾਰ ਟੈਸਟ ਮੈਚਾਂ ਵਿਚ 25 ਵਿਕਟਾਂ ਲਈਆਂ ਸਨ। ਬਟਲਰ ਦੀ ਅਗਵਾਈ ਵਿਚ ਰਾਜਸਥਾਨ ਦੀ ਬੱਲੇਬਾਜ਼ੀ ਵੀ ਕਾਫੀ ਮਜ਼ਬੂਤ ਹੈ। ਇੰਗਲੈਂਡ ਦੇ ਜੋ ਰੂਟ ਵੀ ਟੀਮ ਦਾ ਹਿੱਸਾ ਹਨ। ਉਨ੍ਹਾਂ ਤੋਂ ਇਲਾਵਾ ਸੈਮਸਨ, ਸ਼ਿਮਰੋਨ ਹੇਟਮਾਇਰ ਤੇ ਜੇਸਨ ਹੋਲਡਰ ਵੀ ਤੇਜ਼ੀ ਨਾਲ ਦੌੜਾਂ ਬਣਾਉਣ ਵਿਚ ਮਾਹਿਰ ਹਨ। ਦੂਜੇ ਪਾਸੇ ਪਿਛਲੇ ਦੋ ਸੈਸ਼ਨਾਂ ਵਿਚ ਖ਼ਰਾਬ ਪ੍ਰਦਰਸ਼ਨ ਨਾਲ ਸਨਰਾਈਜ਼ਰਜ਼ ਅਜੇ ਪਰੇਸ਼ਾਨ ਹਨ। ਇਸ ਵਾਰ ਦੱਖਣੀ ਅਫਰੀਕਾ ਦੇ ਏਡੇਨ ਮਾਰਕਰੈਮ ਨੂੰ ਕਪਤਾਨੀ ਸੌਂਪੀ ਗਈ ਹੈ ਹਾਲਾਂਕਿ ਪਹਿਲੇ ਮੈਚ ਵਿਚ ਕਮਾਨ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਸੰਭਾਲਣਗੇ। ਮਾਰਕਰੈਮ ਨੀਦਰਲੈਂਡ ਖ਼ਿਲਾਫ਼ ਦੋ ਮੈਚਾਂ ਦੀ ਵਨ ਡੇ ਸੀਰੀਜ਼ ਤੋਂ ਬਾਅਦ ਤਿੰਨ ਅਪ੍ਰਰੈਲ ਨੂੰ ਇੱਥੇ ਪੁੱਜਣਗੇ। ਸਨਰਾਈਜ਼ਰਜ਼ ਦੀ ਤਾਕਤ ਉਨ੍ਹਾਂ ਦੀ ਤੇਜ਼ ਗੇਂਦਬਾਜ਼ੀ ਹੈ ਜਿਸ ਵਿਚ ਭੁਵਨੇਸ਼ਵਰ ਦੇ ਨਾਲ ਉਮਰਾਨ ਮਲਿਕ ਤੇ ਦੱਖਣੀ ਅਫਰੀਕਾ ਦੇ ਮਾਰਕੋ ਜੇਨਸਨ ਹਨ। ਪਹਿਲੇ ਮੈਚ ਲਈ ਹਾਲਾਂਕਿ ਜੇਨਸਨ ਉਪਲੱਬਧ ਨਹੀਂ ਹਨ।