ਦੁਬਈ : ਆਰਸੀਬੀ ਦੇ ਨੌਜਵਾਨ ਬੱਲੇਬਾਜ਼ ਦੇਵਦੱਤ ਪੱਡੀਕਲ ਨੇ ਕਿਹਾ ਹੈ ਕਿ ਆਈਪੀਐੱਲ ਤੋਂ ਪਹਿਲਾਂ ਢਾਈ ਹਫ਼ਤੇ ਅਭਿਆਸ ਤੋਂ ਬਾਅਦ ਉਹ ਹੁਣ ਪਹਿਲਾਂ ਤੋਂ ਬਿਹਤਰ ਮਹਿਸੂਸ ਕਰ ਰਹੇ ਹਨ। ਪੱਡੀਕਲ ਨੇ ਆਰਸੀਬੀ ਦੇ ਯੂਟਿਊਬ ਚੈਨਲ 'ਤੇ ਕਿਹਾ ਕਿ ਲੈਅ ਵਿਚ ਮੁੜ ਕੇ ਚੰਗਾ ਲੱਗ ਰਿਹਾ ਹੈ। ਅਸੀਂ ਨੈੱਟ 'ਤੇ ਕਾਫੀ ਅਭਿਆਸ ਕੀਤਾ ਤੇ ਹੁਣ ਲਾਕਡਾਊਨ ਦੇ ਪਹਿਲਾਂ ਵਾਲੀ ਸਥਿਤੀ ਤੋਂ ਬਿਹਤਰ ਲੱਗ ਰਿਹਾ ਹੈ। ਇੱਥੇ ਦੇ ਮੌਸਮ ਬਾਰੇ ਉਨ੍ਹਾਂ ਨੇ ਕਿਹਾ ਕਿ ਅਸੀਂ ਮੌਸਮ ਮੁਤਾਬਕ ਢਲ ਰਹੇ ਹਾਂ ਤੇ ਫਿਟਨੈੱਸ 'ਤੇ ਕੰਮ ਕਰ ਰਹੇ ਹਾਂ।

ਰੈਨਾ ਦੀ ਗ਼ੈਰਮੌਜੂਦਗੀ ਚੇਨਈ ਨੂੰ ਰੜਕੇਗੀ : ਏਲਬੀ ਮੋਰਕਲ

ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਸਾਬਕਾ ਹਰਫ਼ਨਮੌਲਾ ਏਲਬੀ ਮੋਰਕਲ ਨੇ ਕਿਹਾ ਹੈ ਕਿ ਸੁਰੇਸ਼ ਰੈਨਾ ਦੀ ਗ਼ੈਰਮੌਜੂਦਗੀ ਆਉਣ ਵਾਲੇ ਆਈਪੀਐੱਲ ਵਿਚ ਚੇਨਈ ਸੁਪਰ ਕਿੰਗਜ਼ ਟੀਮ ਨੂੰ ਰੜਕੇਗੀ ਤੇ ਟੀਮ ਨੂੰ ਸੰਤੁਲਨ ਬਣਾਉਣ ਲਈ ਬੱਲੇਬਾਜ਼ੀ ਵਿਚ ਕਈ ਤਬਦਲੀਆਂ ਕਰਨੀਆਂ ਪੈਣਗੀਆਂ। ਰੈਨਾ ਨੇ ਚੇਨਈ ਲਈ ਕੁੱਲ 193 ਮੈਚ ਖੇਡੇ ਹਨ ਤੇ 5000 ਤੋਂ ਵੀ ਜ਼ਿਆਦਾ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਪਿਛਲੇ ਮਹੀਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਸੀ।

ਆਪਣੀਆਂ ਖ਼ਾਸ ਗੇਂਦਾਂ ਦਾ ਪਿਟਾਰਾ ਖੋਲ੍ਹਣਗੇ ਕੁਲਦੀਪ

ਕੋਲਕਾਤਾ : ਚਾਈਨਾਮੈਨ ਕੁਲਦੀਪ ਯਾਦਵ 'ਤੇ ਆਈਪੀਐੱਲ ਦੇ 13ਵੇਂ ਸੈਸ਼ਨ ਵਿਚ ਚੰਗਾ ਪ੍ਰਦਸ਼ਨ ਕਰਨ ਦਾ ਦਬਾਅ ਹੈ ਪਰ ਉਹ ਇਸ ਦੀ ਪਰਵਾਹ ਕੀਤੇ ਬਿਨਾਂ ਕੁਝ ਨਵੇਂ ਤੀਰ ਚਲਾਉਣ ਲਈ ਤਿਆਰ ਹਨ। ਕੁਲਦੀਪ ਦਾ ਪਿਛਲਾ ਆਈਪੀਐੱਲ ਚੰਗਾ ਨਹੀਂ ਰਿਹਾ ਸੀ ਤੇ ਉਹ ਨੌਂ ਮੈਚਾਂ ਵਿਚ ਸਿਰਫ਼ ਚਾਰ ਵਿਕਟਾਂ ਲੈ ਸਕੇ ਸਨ। ਇਸੇ ਕਾਰਨ ਅੰਤ ਦੇ ਮੈਚਾਂ ਵਿਚ ਉਹ ਆਖ਼ਰੀ 11 'ਚੋਂ ਬਾਹਰ ਕਰ ਦਿੱਤੇ ਗਏ ਸਨ। ਕੁਲਦੀਪ ਨੇ ਕਿਹਾ ਕਿ ਮੈਂ ਕੁਝ ਗੇਂਦਾਂ 'ਤੇ ਕੰਮ ਕੀਤਾ ਹੈ, ਖ਼ਾਸ ਕਰ ਕੇ ਟੀ-20 ਫਾਰਮੈਟ ਲਈ।