ਨਵੀਂ ਦਿੱਲੀ (ਪੀਟੀਆਈ) : ਕਿੰਗਜ਼ ਇਲੈਵਨ ਪੰਜਾਬ ਦੇ ਸਹਿ-ਮਾਲਕ ਨੇਸ ਵਾਡੀਆ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਪੂਰਬੀ ਲੱਦਾਖ 'ਚ ਭਾਰਤ ਤੇ ਚੀਨ ਵਿਚਾਲੇ ਵਧੇ ਤਣਾਅ ਕਾਰਨ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 'ਚ ਚੀਨ ਦੀਆਂ ਕੰਪਨੀਆਂ ਦੇ ਸਪਾਂਸਰਾਂ ਨੂੰ ਹੌਲੀ-ਹੌਲੀ ਖ਼ਤਮ ਕਰਨ ਦੀ ਮੰਗ ਕੀਤੀ। ਗਲਵਾਨ ਘਾਟੀ 'ਚ 15 ਜੂਨ ਨੂੰ 20 ਭਾਰਤੀ ਫ਼ੌਜੀਆਂ ਦੇ ਸ਼ਹੀਦ ਹੋਣ ਤੋਂ ਬਾਅਦ ਚੀਨ ਦੇ ਉਤਪਾਦਾਂ ਦੇ ਬਾਇਕਾਟ ਦੀ ਮੰਗ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ਚੀਨ ਨੇ ਹਾਲਾਂਕਿ ਹੁਣ ਤਕ ਆਪਣੇ ਫ਼ੌਜੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕੀਤਾ ਹੈ। ਇਸ ਘਟਨਾ ਤੋਂ ਬਾਅਦ ਬੀਸੀਸੀਆਈ ਨੂੰ ਚੀਨ ਦੀਆਂ ਕੰਪਨੀਆਂ ਵੱਲੋਂ ਸਪਾਂਸਰਾਂ ਦੀ ਸਮੀਖਿਆ ਲਈ ਆਈਪੀਐੱਲ ਸੰਚਾਲਨ ਕੌਂਸਲ ਦੀ ਬੈਠਕ ਬੁਲਾਉਣੀ ਪਈ ਪਰ ਇਹ ਬੈਠਕ ਹੁਣ ਤਕ ਨਹੀਂ ਹੋ ਸਕੀ। ਕਾਬਿਲੇਗੌਰ ਹੈ ਕਿ ਭਾਰਤ ਨੇ ਸੋਮਵਾਰ ਨੂੰ ਚੀਨ ਦੇ 59 ਐਪਸ 'ਤੇ ਪਾਬੰਦੀ ਲਾ ਦਿੱਤੀ।

ਵਾਡੀਆ ਨੇ ਕਿਹਾ, 'ਸਾਨੂੰ ਦੇਸ਼ ਲਈ ਅਜਿਹਾ ਕਰਨਾ ਚਾਹੀਦਾ ਹੈ। ਦੇਸ਼ ਪਹਿਲਾਂ ਹੈ, ਪੈਸਾ ਬਾਅਦ 'ਚ ਆਉਂਦਾ ਹੈ ਤੇ ਇਹ ਇੰਡੀਅਨ ਪ੍ਰੀਮੀਅਰ ਲੀਗ ਹੈ, ਚੀਨ ਪ੍ਰੀਮੀਅਰ ਲੀਗ ਨਹੀਂ। ਹਾਂ ਸ਼ੁਰੂਆਤ 'ਚ ਸਪਾਂਸਰ ਲੱਭਣਾ ਔਖਾ ਹੋਵੇਗਾ ਪਰ ਮੈਨੂੰ ਲੱਗਦਾ ਹੈ ਕਿ ਭਾਰਤ 'ਚ ਹੀ ਢੁੱਕਵੇਂ ਸਪਾਂਸਰ ਮੌਜੂਦ ਹਨ ਜੋ ਉਨ੍ਹਾਂ ਦੀ ਜਗ੍ਹਾ ਲੈ ਸਕਦੇ ਹਨ। ਸਾਨੂੰ ਦੇਸ਼ ਤੇ ਸਰਕਾਰ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਸਭ ਤੋਂ ਅਹਿਮ ਫ਼ੌਜੀਆਂ ਦਾ, ਜੋ ਸਾਡੇ ਲਈ ਆਪਣੀ ਜ਼ਿੰਦਗੀ ਜੋਖ਼ਮ 'ਚ ਪਾਉਂਦੇ ਹਨ।

ਚੀਨ ਦੀ ਮੋਬਾਈਲ ਫੋਨ ਕੰਪਨੀ ਵੀਵੀ ਆਈਪੀਐੱਲ ਦੀ ਟਾਈਟਲ ਸਪਾਂਸਰ ਹੈ ਤੇ 2022 ਤਕ ਚੱਲਣ ਵਾਲੇ ਕਰਾਰ ਤਹਿਤ ਉਹ ਹਰ ਸਾਲ ਬੀਸੀਸੀਆਈ ਨੂੰ 440 ਕਰੋੜ ਰੁਪਏ ਦਿੰਦੀ ਹੈ। ਆਈਪੀਐੱਲ ਨਾਲ ਜੁੜੀਆਂ ਕੰਪਨੀਆਂ ਪੇਟੀਐੱਮ, ਸਵਿਗੀ ਤੇ ਡ੍ਰੀਮ ਇਲੈਵਨ 'ਚ ਵੀ ਚੀਨੀ ਕੰਪਨੀਆਂ ਦਾ ਹਿੱਸਾ ਹੈ। ਸਿਰਫ ਆਈਪੀਐੱਲ ਹੀ ਨਹੀਂ ਬਲਕਿ ਟੀਮਾਂ ਨੂੰ ਵੀ ਚੀਨੀ ਕੰਪਨੀਆਂ ਸਪਾਂਸਰ ਕਰਦੀਆਂ ਹਨ।

ਵਾਡੀਆ ਨੇ ਆਪਣਾ ਰੁਖ਼ ਸਾਫ ਕਰ ਦਿੱਤਾ ਹੈ ਪਰ ਚੇਨਈ ਸੁਪਰਕਿੰਗਜ਼ (ਸੀਐੱਸਕੇ) ਸਮੇਤ ਬਾਕੀ ਟੀਮਾਂ ਨੇ ਕਿਹਾ ਕਿ ਉਹ ਸਰਕਾਰ ਦੇ ਫ਼ੈਸਲੇ ਨੂੰ ਮੰਨਣਗੀਆਂ। ਵਾਡੀਆ ਨੇ ਕਿਹਾ ਕਿ ਇਸ ਮਾਮਲੇ 'ਚ ਸਰਕਾਰ ਦੇ ਨਿਰਦੇਸ਼ਾਂ ਦੀ ਉਡੀਕ ਕਰਨਾ ਸਹੀ ਨਹੀਂ ਹੈ ਕਿਉਂਕਿ ਇਸ ਸਮੇਂ ਦੇਸ਼ ਨਾਲ ਖੜ੍ਹੇ ਹੋਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇ ਮੈਂ ਬੀਸੀਸੀਆਈ ਦਾ ਪ੍ਰਧਾਨ ਹੁੰਦਾ ਤਾਂ ਮੈਂ ਕਹਿੰਦਾ ਕਿ ਆਗਾਮੀ ਸੈਸ਼ਨ ਲਈ ਮੈਨੂੰ ਭਾਰਤੀ ਸਪਾਂਸਰ ਚਾਹੀਦੇ ਹਨ। ਵਾਡੀਆ ਨੇ ਕੌਮੀ ਸੁਰੱਖਿਆ ਦਾ ਹਵਾਲਾ ਦੇ ਕੇ ਚੀਨ ਦੇ ਐਪਸ 'ਤੇ ਪਾਬੰਦੀ ਲਾਉਣ ਦੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਵੀ ਕੀਤਾ।