ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਇਸ ਸਾਲ ਦਸੰਬਰ ਦੇ ਮੱਧ 'ਚ ਆਈਪੀਐੱਲ 2023 ਲਈ ਖਿਡਾਰੀਆਂ ਦੀ ਨਿਲਾਮੀ ਕਰਵਾਉਣ 'ਤੇ ਵਿਚਾਰ ਕਰ ਰਿਹਾ ਹੈ। ਸੂਤਰਾਂ ਮੁਤਾਬਕ ਇਹ ਨਿਲਾਮੀ 16 ਦਸੰਬਰ ਨੂੰ ਹੋ ਸਕਦੀ ਹੈ। ਫਰੈਂਚਾਈਜ਼ੀਆਂ ਨਾਲ ਸ਼ੁਰੂਆਤੀ ਪ੍ਰਰੋਗਰਾਮ 'ਤੇ ਗੱਲਬਾਤ ਹੋਈ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਛੋਟੀ ਨਿਲਾਮੀ ਹੋਵੇਗੀ ਪਰ ਇਸ ਲਈ ਅਜੇ ਥਾਂ ਤੈਅ ਨਹੀਂ ਕੀਤਾ ਗਿਆ ਹੈ। ਆਈਪੀਐੱਲ ਦੇ ਅਗਲੇ ਐਡੀਸ਼ਨ ਦੀਆਂ ਤਰੀਕਾਂ ਦਾ ਵੀ ਪਤਾ ਨਹੀਂ ਲੱਗਾ ਹੈ ਪਰ ਸਮਿਝਆ ਜਾਂਦਾ ਹੈ ਕਿ ਇਹ ਪੁਰਾਣੇ ਫਾਰਮੈਟ ਵਿਚ ਮਾਰਚ ਦੇ ਆਖ਼ਰੀ ਹਫ਼ਤੇ ਸ਼ੁਰੂ ਹੋਵੇਗਾ। ਨਿਲਾਮੀ ਲਈ ਸੈਲਰੀ ਪਰਸ 95 ਕਰੋੜ ਰੁਪਏ ਹੋਵੇਗਾ ਜੋ ਪਿਛਲੇ ਸਾਲ ਦੀ ਤੁਲਨਾ 'ਚ ਪੰਜ ਕਰੋੜ ਰੁਪਏ ਵੱਧ ਹੈ। ਜੇ ਫਰੈਂਚਾਈਜ਼ੀ ਖਿਡਾਰੀਆਂ ਨੂੰ ਰਿਲੀਜ਼ ਕਰਦੀ ਹੈ ਜਾਂ ਕਿਸੇ ਹੋਰ ਟੀਮ ਤੋਂ ਲੈਂਦੀ ਹੈ ਤੋਂ ਇਸ ਨਾਲ ਪਰਸ 'ਤੇ ਫ਼ਰਕ ਪਵੇਗਾ। ਆਈਪੀਐੱਲ 2022 ਤੋਂ ਚੇਨਈ ਸੁਪਰ ਕਿੰਗਜ਼ ਤੇ ਹਰਫ਼ਨਮੌਲਾ ਰਵਿੰਦਰ ਜਡੇਜਾ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਇਸ ਕਾਰਨ ਇਸ ਗੱਲ ਨੂੰ ਲੈ ਕੇ ਚਰਚਾ ਤੇਜ਼ ਹੈ ਕਿ ਟੀਮ ਉਨ੍ਹਾਂ ਨੂੰ ਰਿਲੀਜ਼ ਜਾਂ ਹੋਰ ਟੀਮ ਦੇ ਨਾਲ ਟ੍ਰੇਡਿੰਗ ਕਰ ਸਕਦੀ ਹੈ। ਪਿਛਲੇ ਦਿਨਾਂ ਦੀਆਂ ਰਿਪੋਰਟਾਂ ਮੁਤਾਬਕ, ਜਡੇਜਾ ਤੇ ਸ਼ੁਭਮਨ ਗਿੱਲ ਨੂੰ ਲੈ ਕੇ ਚੇਨਈ ਤੇ ਗੁਜਰਾਤ ਵਿਚਾਲੇ ਟ੍ਰੇਡਿੰਗ ਹੋ ਸਕਦੀ ਹੈ। ਹਾਲਾਂਕਿ ਦੋਵਾਂ ਹੀ ਟੀਮਾਂ ਨੇ ਇਸ ਨੂੰ ਖ਼ਾਰਜ ਕੀਤਾ ਹੈ। ਹੋਰ ਟੀਮਾਂ ਨੇ ਵੀ ਜਡੇਜਾ ਨੂੰ ਲੈਣ ਲਈ ਇੱਛਾ ਜ਼ਾਹਰ ਕੀਤੀ ਹੈ ਜਿਸ ਵਿਚ ਦਿੱਲੀ ਕੈਪੀਟਲਜ਼ ਵੀ ਇਕ ਟੀਮ ਹੈ ਪਰ ਸੀਐੱਸਕੇ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਡੇਜਾ ਨਾਲ ਆਪਣੀਆਂ ਰਾਹਾਂ ਵੱਖ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਗੁਜਰਾਤ ਟਾਈਟਨਜ਼ ਕੋਲ ਵੀ ਰਾਹੁਲ ਤੇਵਤੀਆ ਤੇ ਆਰ ਸਾਈ ਕਿਸ਼ੋਰ ਨੂੰ ਲੈਣ ਲਈ ਪ੍ਰਸਤਾਵ ਆ ਰਹੇ ਹਨ, ਪਰ ਆਈਪੀਐੱਲ ਚੈਂਪੀਅਨ ਟੀਮ ਨੇ ਇਨ੍ਹਾਂ ਪ੍ਰਸਤਾਵਾਂ ਨੂੰ ਖ਼ਾਰਜ ਕਰ ਦਿੱਤਾ ਹੈ। ਟਰਾਂਸਫਰ ਜਾਂ ਟ੍ਰੇਡ ਵਿੰਡੋ ਨਿਲਾਮੀ ਤੋਂ ਇਕ ਹਫ਼ਤੇ ਪਹਿਲਾਂ ਤਕ ਖੁੱਲ੍ਹੀ ਰਹੇਗੀ ਤੇ ਨਿਲਾਮੀ ਹੋਣ ਤੋਂ ਬਾਅਦ ਦੁਬਾਰਾ ਚਾਲੂ ਹੋ ਜਾਵੇਗੀ।

Posted By: Gurinder Singh