IPL Auction 2021 : ਜੇਐੱਨਐੱਨ, ਨਵੀਂ ਦਿੱਲੀ : ਚੇਨਈ 'ਚ ਇਸ ਸਾਲ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਨਿਲਾਮੀ 'ਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਦੀ ਵੀਰਵਾਰ 4 ਫਰਵਰੀ ਆਖ਼ਰੀ ਤਰੀਕ ਸੀ। ਪੂਰੀ ਦੁਨੀਆ ਤੋਂ ਕੁੱਲ 1097 ਖਿਡਾਰੀਆਂ ਨੇ ਇਸ ਦੇ ਲਈ ਆਪਣਾ ਨਾਂ ਰਜਿਸਟਰ ਕਰਵਾਇਆ ਹੈ। ਇਸ ਵਿਚ 814 ਭਾਰਤੀ ਤੇ 283 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਆਈਪੀਐੱਲ ਦੀ ਨਿਲਾਮੀ 'ਚ ਸ਼ਾਮਲ ਹੋਣ ਵਾਲੀ ਖਿਡਾਰੀਆਂ ਦੀ ਲਿਸਟ ਵਿਚ ਭਾਰਤੀ ਦਿੱਗਜ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਸਮੇਤ ਹਰਭਜਨ ਸਿੰਘ ਤੇ ਚੇਤੇਸ਼ਵਰ ਪੁਜਾਰਾ ਤੋਂ ਇਲਾਵਾ ਐੱਸ ਸ਼੍ਰੀਸੰਥ ਵੀ ਹਨ।

ਇਸ ਸਾਲ ਹੋਣ ਵਾਲੀ IPL ਦੇ 14ਵੇਂ ਐਡਿਸ਼ਨ ਤੋਂ ਪਹਿਲਾਂ ਹੋਣ ਵਾਲੀ ਨਿਲਾਮੀ 'ਚ ਕੁਝ ਨਾਂ ਅਜਿਹੇ ਹਨ ਜਿਹੜੇ ਚਰਚਾ ਦਾ ਵਿਸ਼ਾ ਰਹਿਣਗੇ। ਇਨ੍ਹਾਂ ਵਿਚ ਅਰਜੁਨ ਤੇਂਦੁਲਕਰ (Arjun Tendulkar), ਹਰਭਜਨ ਸਿੰਘ (Harbhajan Singh), ਚੇਤੇਸ਼ਵਰ ਪੁਜਾਰਾ (Cheteshwar Pujara) ਦੇ ਨਾਲ 7 ਸਾਲ ਬਾਅਦ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਤ ਹਨ। ਚੱਲੋ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ ਖਿਡਾਰੀ ਕਿਸ ਬੇਸ ਪ੍ਰਾਈਸ (Base Price) 'ਤੇ ਨਿਲਾਮੀ 'ਚ ਸ਼ਾਮਲ ਹੋਵੇਗਾ।

ਅਰਜੁਨ ਨੇ ਇਸ ਸਾਲ ਬੀਸੀਸੀਆਈ ਦੇ ਘਰੇਲੂ ਟੀ20 ਟੂਰਨਾਮੈਂਟ ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਮੁੰਬਈ ਦੀ ਟੀਮ ਵੱਲੋਂ ਮੈਚ ਖੇਡਿਆ ਸੀ। ਇਹ ਮੈਚ ਖੇਡਣ ਦੇ ਨਾਲ ਹੀ ਉਹ ਆਈਪੀਐੱਲ ਦੀ ਨਿਲਾਮੀ 'ਚ ਸ਼ਾਮਲ ਹੋਣ ਦੀ ਯੋਗਤਾ ਹਾਸਲ ਕਰਨ ਵਾਲੇ ਖਿਡਾਰੀ ਬਣ ਗਏ। 20 ਲੱਖ ਦੀ ਘੱਟੋ-ਘੱਟ ਬੇਸ ਪ੍ਰਾਈਸ ਦੇ ਨਾਲ ਅਰਜੁਨ ਇਸ ਸਾਲ ਦੀ ਨਿਲਾਮੀ 'ਚ ਸ਼ਾਮਲ ਹੋਣਗੇ।

ਹਰਭਜਨ ਸਿੰਘ ਨੇ ਪਿਛਲੇ ਸੀਜ਼ਨ 'ਚ ਕੋਰੋਨਾ ਮਹਾਮਾਰੀ ਫੈਲਣ ਦੀ ਵਜ੍ਹਾ ਨਾਲ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਸੀ। ਨਿਲਾਮੀ ਤੋਂ ਪਹਿਲਾਂ ਟੀਮ ਵੱਲੋਂ ਰਿਲੀਜ਼ ਕੀਤੇ ਜਾਣ ਵਾਲੇ ਖਿਡਾਰੀਆਂ ਦੀ ਆਖ਼ਰੀ ਤਰੀਕ ਤੋਂ ਪਹਿਲਾਂ ਭੱਜੀ ਨੇ ਚੇਨਈ ਸੁਪਰ ਕਿੰਗਜ਼ ਨੂੰ ਉਨ੍ਹਾਂ ਨੂੰ ਰਿਲੀਜ਼ ਕਰਨ ਦੀ ਗੁਜ਼ਾਰਿਸ਼ ਕੀਤੀ ਸੀ। 2 ਕਰੋੜ ਦੀ ਬੇਸ ਪ੍ਰਾਈਸ ਦੇ ਨਾਲ ਉਹ ਇਸ ਨਿਲਾਮੀ 'ਚ ਸ਼ਾਮਲ ਹੋਣਗੇ। ਉੱਥੇ ਹੀ ਆਈਪੀਐੱਲ ਖੇਡਣ 'ਤੇ 7 ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਵਾਪਸੀ ਕਰਨ ਵਾਲੇ ਐੱਸ ਸ਼੍ਰੀਸੰਥ 75 ਲੱਖ ਦੀ ਬੇਸ ਪ੍ਰਾਈਸ ਨਾਲ ਨਿਲਾਮੀ 'ਚ ਸ਼ਾਮਲ ਹੋਣਗੇ।

ਹਰਭਜਨ ਸਿੰਘ ਤੋਂ ਇਲਾਵਾ 2 ਕਰੋੜ ਦੀ ਬੇਸ ਪ੍ਰਾਈਸ ਦੇ ਨਾਲ ਨਿਲਾਮੀ 'ਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਦੀ ਲਿਸਟ ਵਿਚ ਗਲੇਨ ਮੈਕਸਵੈੱਲ, ਕੇਦਾਰ ਜਾਧਵ, ਸਟੀਵ ਸਮਿਥ, ਮੋਇਨ ਅਲੀ, ਸੈਮ ਬਿਲਿੰਗਜ਼, ਲਿਅਮ ਪਲੰਕੇਟ, ਜੇਸਨ ਰਾਏ, ਮਾਰਕ ਵੁੱਡ ਤੇ ਕੋਲਿਨ ਇਨਗ੍ਰਾਮ ਸ਼ਾਮਲ ਹਨ। ਭਾਰਤ ਲਈ ਆਸਟ੍ਰੇਲੀਆ 'ਚ ਟੈਸਟ ਸੀਰੀਜ਼ 'ਚ ਦਮਦਾਰ ਪ੍ਰਦਰਸ਼ਨ ਕਰਨ ਵਾਲੇ ਚੇਤੇਸ਼ਵਰ ਪੁਜਾਰਾ ਆਈਪੀਐੱਲ ਦੇ ਮਿੰਨੀ ਆਕਸ਼ਨ 'ਚ 50 ਲੱਖ ਜਦਕਿ ਹਨੂਮਾ ਵਿਹਾਰੀ 1 ਕਰੋੜ ਦੀ ਬੇਸ ਪ੍ਰਾਈਸ ਦੇ ਨਾਲ ਇਸ ਵਿਚ ਸ਼ਾਮਲ ਹੋਣਗੇ।

Posted By: Seema Anand