ਜੇਐੱਨਐੱਨ, ਨਵੀਂ ਦਿੱਲੀ : ਇਸ ਸੀਜ਼ਨ ’ਚ ਜ਼ਬਰਦਸਤ ਫਾਰਮ ’ਚ ਚੱਲ ਰਹੇ ਵਿਰਾਟ ਕੋਹਲੀ ਨੇ ਆਈਪੀਐੱਲ ’ਚ ਲਗਾਤਾਰ ਦੂਜਾ ਸੈਂਕੜਾ ਲਗਾਇਆ। ਕੋਹਲੀ ਦੇ (101*) ਸੈਂਕੜੇ ਦੀ ਮਦਦ ਨਾਲ ਆਰਸੀਬੀ ਨੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਵਿਰੁੱਧ ਪੰਜ ਵਿਕਟਾਂ ’ਤੇ 195 ਦੌੜਾਂ ਬਣਾਈਆਂ। ਆਈਪੀਐਲ ਵਿੱਚ ਵਿਰਾਟ ਦਾ ਇਹ ਸੱਤਵਾਂ ਸੈਂਕੜਾ ਹੈ ਅਤੇ ਉਸ ਨੇ ਸਭ ਤੋਂ ਵੱਧ ਸੈਂਕੜੇ ਬਣਾਉਣ ਵਿੱਚ ਕ੍ਰਿਸ ਗੇਲ ਨੂੰ ਪਛਾੜ ਦਿੱਤਾ ਹੈ। ਗੇਲ ਨੇ ਪਿਛਲੇ ਮੈਚ ’ਚ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਸੈਂਕੜਾ ਲਗਾ ਕੇ ਛੇ ਸੈਂਕੜਿਆਂ ਦੀ ਬਰਾਬਰੀ ਕੀਤੀ ਸੀ। ਇਸ ਦੇ ਨਾਲ ਹੀ ਵਿਰਾਟ ਟੀ-20 ’ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ ’ਚ ਸਾਂਝੇ ਤੀਜੇ ਸਥਾਨ ’ਤੇ ਪਹੁੰਚ ਗਏ ਹਨ। ਕੋਹਲੀ ਦੇ ਅੱਠ ਸੈਂਕੜੇ ਹਨ ਅਤੇ ਵਾਰਨਰ, ਮਾਈਕਲ ਕਲਿੰਗਰ ਅਤੇ ਆਰੋਨ ਫਿੰਚ ਨਾਲ ਬਰਾਬਰੀ ਹੈ। ਟੀ-20 ’ਚ ਸਭ ਤੋਂ ਜ਼ਿਆਦਾ ਸੈਂਕੜੇ ਗੇਲ (22) ਦੇ ਨਾਂ ਹਨ। ਦੂਜੇ ਨੰਬਰ ’ਤੇ ਬਾਬਰ ਆਜ਼ਮ (9) ਹਨ।

ਦੂਜੀ ਵਾਰ ਸੀਜ਼ਨ ’ਚ ਇਕ ਤੋਂ ਜ਼ਿਆਦਾ ਸੈਂਕੜਾ : ਇਹ ਦੂਜੀ ਵਾਰ ਹੈ ਜਦੋਂ ਵਿਰਾਟ ਨੇ ਇਕ ਸੀਜ਼ਨ ’ਚ ਇਕ ਤੋਂ ਜ਼ਿਆਦਾ ਸੈਂਕੜੇ ਲਗਾਏ ਹਨ। ਇਸ ਤੋਂ ਪਹਿਲਾਂ 2016 ਦੇ ਸੀਜ਼ਨ ’ਚ ਵਿਰਾਟ ਨੇ ਇਕ ਸੀਜ਼ਨ ’ਚ ਚਾਰ ਸੈਂਕੜੇ ਲਗਾਏ ਸਨ। ਇਸ ਸੀਜ਼ਨ ’ਚ ਵਿਰਾਟ ਨੇ ਆਈਪੀਐੱਲ ’ਚ ਚਾਰ ਸਾਲ ਬਾਅਦ ਸਨਰਾਈਜ਼ਰਸ ਖਿਲਾਫ ਸੈਂਕੜਾ ਲਗਾਇਆ ਸੀ। ਕੋਹਲੀ ਨੇ ਇਸ ਸੀਜ਼ਨ ਵਿੱਚ 14 ਪਾਰੀਆਂ ਵਿੱਚ 639 ਦੌੜਾਂ ਬਣਾਈਆਂ ਹਨ ਅਤੇ ਤੀਜੀ ਵਾਰ ਇੱਕ ਸੀਜ਼ਨ ਵਿੱਚ 600 ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ 2013, 2016 ਅਤੇ 2023 ਵਿੱਚ 600 ਤੋਂ ਵੱਧ ਦੌੜਾਂ ਬਣਾਈਆਂ ਹਨ।

ਇਕੱਲਾ ਲੜਿਆ ਕੋਹਲੀ : ਕੋਹਲੀ ਪਲੇਆਫ ਲਈ ਅਹਿਮ ਮੈਚ ਵਿਚ ਇਕ ਸਿਰੇ ’ਤੇ ਇਕੱਲੇ ਖੜ੍ਹੇ ਸਨ। ਟੀਮ ਦੀਆਂ ਅੱਧੀਆਂ ਤੋਂ ਵੱਧ ਦੌੜਾਂ ਕੋਹਲੀ ਦੇ ਬੱਲੇ ਤੋਂ ਆਈਆਂ। ਉਨ੍ਹਾਂ ਨੇ 60 ਗੇਂਦਾਂ ’ਚ ਸੈਂਕੜਾ ਲਗਾਇਆ। ਵਿਰਾਟ ਤੋਂ ਇਲਾਵਾ ਕਪਤਾਨ ਫਾਫ ਡੁਪਲੇਸਿਸ (28), ਅਨੁਜ ਰਾਵਤ (23) ਅਤੇ ਮਾਈਕਲ ਬ੍ਰੇਸਵੈੱਲ (26) ਚੰਗੀ ਸ਼ੁਰੂਆਤ ਤੋਂ ਬਾਅਦ ਵੱਡੀ ਪਾਰੀ ਖੇਡਣ ਤੋਂ ਖੁੰਝ ਗਏ।

Posted By: Sandip Kaur