ਨਈਂ ਦੁਨੀਆ : ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਬਹੁਤ ਰੋਮਾਂਚਕ ਹੋਣ ਵਾਲੀ ਹੈ। ਇਸ ਵਾਰ ਆਈਪੀਐਲ 2022 ਵਿਚ 10 ਟੀਮਾਂ ਖੇਡਦੀਆਂ ਨਜ਼ਰ ਆਉਣਗੀਆਂ। ਇਨ੍ਹਾਂ ਵਿਚਾਲੇ 74 ਮੈਚ ਹੋਣਗੇ। ਇਸ ਦੌਰਾਨ IPL ਦਾ ਸ਼ਡਿਊਲ ਸਾਹਮਣੇ ਆ ਗਿਆ ਹੈ। ਬੀਸੀਸੀਆਈ ਸੂਤਰਾਂ ਮੁਤਾਬਕ ਟੂਰਨਾਮੈਂਟ 2 ਅਪ੍ਰੈਲ ਤੋਂ ਸ਼ੁਰੂ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ IPL ਵਿਚ ਦੋ ਨਵੀਆਂ ਟੀਮਾਂ ਲਖਨਊ ਤੇ ਅਹਿਮਦਾਬਾਦ ਨੂੰ ਜੋੜਿਆ ਗਿਆ ਹੈ।

ਫਾਈਨਲ ਜੂਨ ਦੇ ਪਹਿਲੇ ਹਫ਼ਤੇ ਹੋਣਗੇ

ਇਸ ਦੇ ਨਾਲ ਹੀ ਕ੍ਰਿਕਬਜ਼ ਅਨੁਸਾਰ ਆਈਪੀਐਲ 2022 ਦੋ ਮਹੀਨਿਆਂ ਤੋਂ ਵੱਧ ਸਮੇਂ ਲਈ ਚੱਲੇਗਾ। ਬੀਸੀਸੀਆਈ ਜੂਨ ਦੇ ਪਹਿਲੇ ਹਫ਼ਤੇ ਫਾਈਲ ਮੈਚ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ। ਜੋ ਕਿ ਸੰਭਾਵਿਤ ਮਿਤੀ 4 ਜਾਂ 5 ਜੂਨ ਹੈ। ਇੰਡੀਅਨ ਪ੍ਰੀਮੀਅਰ ਲੀਗ 'ਚ ਸਾਰੀਆਂ ਟੀਮਾਂ 14-14 ਮੈਚ ਖੇਡਣਗੀਆਂ। ਜਿਸ 'ਚ 7 ਮੈਚ ਆਪਣੇ ਘਰੇਲੂ ਮੈਦਾਨ 'ਤੇ ਤੇ 7 ਮੈਚ ਵਿਰੋਧੀ ਟੀਮ ਦੇ ਮੈਦਾਨ 'ਤੇ ਹੋਣਗੇ।

ਭਾਰਤ ਵਿਚ ਪੂਰਾ ਸੀਜ਼ਨ ਹੋਵੇਗਾ

ਹਾਲਾਂਕਿ ਬੀਸੀਸੀਆਈ ਨੇ ਅਧਿਕਾਰਤ ਤੌਰ 'ਤੇ ਸ਼ਡਿਊਲ ਜਾਰੀ ਨਹੀਂ ਕੀਤਾ ਹੈ। IPL ਦੇ ਪਿਛਲੇ ਦੋ ਸੀਜ਼ਨ ਕੋਰੋਨਾ ਮਹਾਮਾਰੀ ਦੇ ਕਾਰਨ ਯੂਏਈ ਵਿਚ ਆਯੋਜਿਤ ਕੀਤੇ ਗਏ ਹਨ। ਅਗਲੇ ਸਾਲ ਇਹ ਟੂਰਨਾਮੈਂਟ ਭਾਰਤ ਵਿਚ ਹੋਵੇਗਾ। ਬੋਰਡ ਦੇ ਸਕੱਤਰ ਜੈ ਸ਼ਾਹ ਨੇ ਪਿਛਲੇ ਦਿਨੀਂ ਸਪੱਸ਼ਟ ਕੀਤਾ ਸੀ ਕਿ ਆਈਪੀਐਲ 2022 ਭਾਰਤ ਵਿਚ ਹੀ ਹੋਵੇਗਾ।

ਪਹਿਲਾ ਮੈਚ ਮੁੰਬਈ ਅਤੇ ਚੇਨਈ ਵਿਚਾਲੇ ਹੋਵੇਗਾ

ਖਬਰਾਂ ਮੁਤਾਬਕ IPL 2022 ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਆਈਪੀਐਲ 2021 ਵਿਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਸੀਐਸਕੇ ਨੇ ਫਾਈਨਲ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾ ਕੇ ਟਰਾਫੀ ਜਿੱਤੀ ਸੀ।

ਜਨਵਰੀ ਦੇ ਪਹਿਲੇ ਹਫ਼ਤੇ ਮੇਗਾ ਨਿਲਾਮੀ

ਇੰਡੀਅਨ ਪ੍ਰੀਮੀਅਰ ਲੀਗ 2022 ਦੀ ਮੈਗਾ ਨਿਲਾਮੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਆਈਪੀਐਲ ਗਵਰਨਿੰਗ ਕੌਂਸਲ ਦੇ ਇਕ ਮੈਂਬਰ ਮੁਤਾਬਕ ਖਿਡਾਰੀਆਂ ਦੀ ਨਿਲਾਮੀ ਜਨਵਰੀ ਦੇ ਪਹਿਲੇ ਹਫ਼ਤੇ ਹੋਵੇਗੀ। ਇਸ ਦੇ ਨਾਲ ਹੀ ਟੂਰਨਾਮੈਂਟ ਦੇ ਪਰਸ ਦੀ ਨਿਲਾਮੀ 90 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ। 2021 ਦੀ ਆਈਪੀਐਲ ਨਿਲਾਮੀ ਵਿਚ 85 ਕਰੋੜ ਰੁਪਏ ਤੈਅ ਕੀਤੇ ਗਏ ਸਨ ਪਰ ਅਗਲੇ ਸਾਲ ਨਿਲਾਮੀ ਵਿਚ ਇਹ ਰਕਮ ਵਧ ਸਕਦੀ ਹੈ। ਨਿਯਮਾਂ ਮੁਤਾਬਕ ਟੀਮਾਂ ਤਿੰਨ ਭਾਰਤੀ ਤੇ ਇਕ ਵਿਦੇਸ਼ੀ ਖਿਡਾਰੀ ਜਾਂ ਦੋ ਭਾਰਤੀ ਤੇ ਦੋ ਵਿਦੇਸ਼ੀ ਖਿਡਾਰੀਆਂ ਨੂੰ ਰੱਖ ਸਕਦੀਆਂ ਹਨ।

Posted By: Sarabjeet Kaur