ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦਾ 60ਵਾਂ ਮੈਚ ਬੈਂਗਲੁਰੂ ਅਤੇ ਪੰਜਾਬ ਦੋਵਾਂ ਟੀਮਾਂ ਲਈ ਬਹੁਤ ਖਾਸ ਹੈ। ਜਿੱਥੇ ਇੱਕ ਜਿੱਤ ਬੈਂਗਲੁਰੂ ਨੂੰ ਪਲੇਆਫ ਦੀ ਦੌੜ ਵਿੱਚ ਹੋਰ ਨੇੜੇ ਲੈ ਜਾਵੇਗੀ, ਉੱਥੇ ਪੰਜਾਬ ਦੀ ਹਾਰ ਦਾ ਮਤਲਬ ਆਈਪੀਐਲ ਵਿੱਚ ਉਸ ਦੇ ਅੱਗੇ ਦੇ ਸਫ਼ਰ ਦਾ ਅੰਤ ਹੋਵੇਗਾ। ਇਸ ਸਮੇਂ ਪੰਜਾਬ ਦੀ ਟੀਮ ਅੰਕ ਸੂਚੀ 'ਚ 8ਵੇਂ ਨੰਬਰ 'ਤੇ ਹੈ। ਟੀਮ ਦੇ 11 ਮੈਚਾਂ 'ਚ 10 ਅੰਕ ਹਨ ਅਤੇ ਪਲੇਆਫ ਦੀ ਦੌੜ 'ਚ ਬਣੇ ਰਹਿਣ ਲਈ ਉਸ ਨੂੰ ਬਾਕੀ ਦੇ ਤਿੰਨ ਮੈਚ ਜਿੱਤਣੇ ਹੋਣਗੇ ਜੋ ਉਸ ਲਈ ਵੱਡੀ ਚੁਣੌਤੀ ਹੈ। ਪੰਜਾਬ ਦੇ ਪਿਛਲੇ ਮੈਚ ਦੀ ਗੱਲ ਕਰੀਏ ਤਾਂ ਉਸ ਨੂੰ ਰਾਜਸਥਾਨ ਰਾਇਲਜ਼ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਨੇ ਉਸ ਮੈਚ ਵਿੱਚ 189 ਦੌੜਾਂ ਬਣਾਈਆਂ ਸਨ ਪਰ ਉਸ ਦੇ ਗੇਂਦਬਾਜ਼ ਇਸ ਵੱਡੇ ਸਕੋਰ ਦਾ ਬਚਾਅ ਨਹੀਂ ਕਰ ਸਕੇ।

ਦੂਜੇ ਪਾਸੇ ਬੰਗਲੌਰ ਦੀ ਟੀਮ ਲਗਾਤਾਰ ਦੋ ਜਿੱਤਾਂ ਦਰਜ ਕਰ ਕੇ ਸ਼ਾਨਦਾਰ ਲੈਅ ਵਿੱਚ ਹੈ ਅਤੇ ਪੰਜਾਬ ਦੇ ਸਾਹਮਣੇ ਉਸ ਦੀ ਚੁਣੌਤੀ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੋਵੇਗੀ।

ਪਲੇਆਫ ਬਾਰੇ ਪੰਜਾਬ ਦਾ ਇਤਿਹਾਸ

ਪੰਜਾਬ ਟੀਮ ਦੀ ਗੱਲ ਕਰੀਏ ਤਾਂ IPL 'ਚ ਉਸ ਦਾ ਸਫਰ ਆਸਾਨ ਨਹੀਂ ਰਿਹਾ। ਟੀਮ ਲਈ ਸਿਰਫ਼ 2014 ਦਾ ਹੀ ਸੀਜ਼ਨ ਚੰਗਾ ਰਿਹਾ ਜਦੋਂ ਉਹ ਉਪ ਜੇਤੂ ਰਹੀ। ਜਾਰਜ ਬੇਲੀ ਦੀ ਅਗਵਾਈ ਵਿੱਚ ਟੀਮ ਨੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਜਿੱਥੇ ਉਹ ਕੇਕੇਆਰ ਤੋਂ 3 ਵਿਕਟਾਂ ਨਾਲ ਹਾਰ ਗਈ। ਪੰਜਾਬ ਨੇ ਉਸ ਮੈਚ ਵਿੱਚ 199 ਦੌੜਾਂ ਬਣਾਈਆਂ ਸਨ ਪਰ ਗੇਂਦਬਾਜ਼ ਇਸ ਵੱਡੇ ਸਕੋਰ ਦਾ ਬਚਾਅ ਨਹੀਂ ਕਰ ਸਕੇ। ਇਸ ਤੋਂ ਇਲਾਵਾ ਟੀਮ ਬਾਕੀ 13 ਸੈਸ਼ਨਾਂ 'ਚ ਸਿਰਫ ਇਕ ਵਾਰ ਹੀ ਪਲੇਆਫ 'ਚ ਪਹੁੰਚ ਸਕੀ ਹੈ।

ਇਸ ਸੀਜ਼ਨ ਵਿੱਚ ਪੰਜਾਬ ਦਾ ਪ੍ਰਦਰਸ਼ਨ

ਇਸ ਸੀਜ਼ਨ 'ਚ ਟੀਮ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਬੱਲੇਬਾਜ਼ਾਂ ਨਾਲ ਸ਼ਿੰਗਾਰੀ ਟੀਮ ਜ਼ਿਆਦਾ ਕੁਝ ਨਹੀਂ ਕਰ ਸਕੀ ਹੈ ਅਤੇ 11 ਮੈਚਾਂ 'ਚ ਸਿਰਫ 5 ਜਿੱਤਾਂ ਹੀ ਦਰਜ ਕਰ ਸਕੀ ਹੈ। ਟੀਮ ਇਸ ਸੀਜ਼ਨ 'ਚ ਲਗਾਤਾਰ ਦੋ ਮੈਚ ਨਹੀਂ ਜਿੱਤ ਸਕੀ ਹੈ। ਬੱਲੇਬਾਜ਼ੀ ਵਿੱਚ ਜਿੱਥੇ ਟੀਮ ਕੋਲ ਸ਼ਿਖਰ ਧਵਨ, ਜੌਨੀ ਬੇਅਰਸਟੋ, ਲਿਆਮ ਲਿਵਿੰਗਸਟਨ ਵਰਗੇ ਵਿਸਫੋਟਕ ਬੱਲੇਬਾਜ਼ ਹਨ, ਉੱਥੇ ਹੀ ਕਾਗਿਸੋ ਰਵਾਦਾ ਵਰਗੇ ਤਜਰਬੇਕਾਰ ਗੇਂਦਬਾਜ਼ ਵੀ ਹਨ। ਪਰ ਇਸ ਦੇ ਬਾਵਜੂਦ ਪੰਜਾਬ ਦੀ ਟੀਮ ਕੋਈ ਵਧੀਆ ਨਤੀਜਾ ਨਹੀਂ ਲੈ ਸਕੀ।

Posted By: Jaswinder Duhra