ਜੇਐੱਨਐੱਨ, ਨਵੀਂ ਦਿੱਲੀ : ਧੋਨੀ ਦੀ ਕਪਤਾਨੀ ਵਿੱਚ ਚੇਨਈ ਸੁਪਰ ਕਿੰਗਜ਼ ਦਾ ਪ੍ਰਦਰਸ਼ਨ ਸੁਧਰਦਾ ਨਜ਼ਰ ਆ ਰਿਹਾ ਹੈ ਕਿਉਂਕਿ ਟੀਮ ਨੇ ਦਿੱਲੀ ਕੈਪੀਟਲਸ ਦੇ ਖਿਲਾਫ ਇਸ ਸੀਜ਼ਨ ਵਿੱਚ ਚੌਥੀ ਜਿੱਤ ਦਰਜ ਕੀਤੀ ਹੈ। ਪਹਿਲਾਂ ਖੇਡਦਿਆਂ CSK ਨੇ 20 ਓਵਰਾਂ 'ਚ 6 ਵਿਕਟਾਂ 'ਤੇ 208 ਦੌੜਾਂ ਦਾ ਚੰਗਾ ਸਕੋਰ ਬਣਾਇਆ, ਪਰ CSK ਦੀ ਗੇਂਦਬਾਜ਼ੀ ਅੱਗੇ ਦਿੱਲੀ ਦੀ ਟੀਮ ਪੂਰੀ ਤਰ੍ਹਾਂ ਢਹਿ ਗਈ ਅਤੇ 17.4 ਓਵਰਾਂ 'ਚ 117 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ 91 ਦੌੜਾਂ ਨਾਲ ਹਾਰ ਗਈ। ਇਸ ਮੈਚ 'ਚ ਧੋਨੀ ਨੇ 8 ਗੇਂਦਾਂ 'ਤੇ ਅਜੇਤੂ 21 ਦੌੜਾਂ ਦੀ ਪਾਰੀ ਖੇਡੀ ਅਤੇ ਟੀ-20 ਕ੍ਰਿਕਟ 'ਚ ਬਤੌਰ ਕਪਤਾਨ 6000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ।

ਧੋਨੀ ਨੇ ਬਤੌਰ ਕਪਤਾਨ ਟੀ-20 ਕ੍ਰਿਕਟ 'ਚ 6000 ਦੌੜਾਂ ਪੂਰੀਆਂ

CSK ਟੀਮ ਦੇ ਕਪਤਾਨ ਐੱਮ.ਐੱਸ.ਧੋਨੀ ਨੇ ਦਿੱਲੀ ਖਿਲਾਫ ਆਪਣੀ ਅਜੇਤੂ 21 ਦੌੜਾਂ ਦੀ ਪਾਰੀ ਦੇ ਆਧਾਰ 'ਤੇ ਟੀ-20 ਕ੍ਰਿਕਟ 'ਚ ਬਤੌਰ ਕਪਤਾਨ 6000 ਦੌੜਾਂ ਪੂਰੀਆਂ ਕਰ ਲਈਆਂ ਹਨ। ਅਜਿਹਾ ਕਰਨ ਵਾਲੇ ਉਹ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਕਿਉਂਕਿ ਉਨ੍ਹਾਂ ਤੋਂ ਪਹਿਲਾਂ ਵਿਰਾਟ ਕੋਹਲੀ ਇਹ ਕਾਰਨਾਮਾ ਕਰ ਚੁੱਕੇ ਹਨ। ਕੋਹਲੀ ਨੇ ਬਤੌਰ ਕਪਤਾਨ ਟੀ-20 ਕ੍ਰਿਕਟ 'ਚ ਹੁਣ ਤੱਕ ਕੁੱਲ 6451 ਦੌੜਾਂ ਬਣਾਈਆਂ ਹਨ, ਜਦਕਿ ਧੋਨੀ ਨੇ 6000 ਦਾ ਅੰਕੜਾ ਛੂਹ ਲਿਆ ਹੈ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਬਤੌਰ ਕਪਤਾਨ ਟੀ-20 ਕ੍ਰਿਕਟ 'ਚ 4764 ਦੌੜਾਂ ਬਣਾਈਆਂ ਹਨ ਅਤੇ ਉਹ ਇਨ੍ਹਾਂ ਦੋਵਾਂ ਤੋਂ ਬਾਅਦ ਤੀਜੇ ਨੰਬਰ 'ਤੇ ਹਨ।

CSK IPL 'ਚ ਸਭ ਤੋਂ ਵੱਧ ਵਾਰ ਦਿੱਲੀ ਨੂੰ ਹਰਾਉਣ ਵਾਲੀ ਟੀਮ

ਐੱਮਐੱਸ ਧੋਨੀ ਦੀ ਕਪਤਾਨੀ 'ਚ CSK ਨੇ 17ਵੀਂ ਵਾਰ IPL 'ਚ ਦਿੱਲੀ ਦੀ ਟੀਮ ਨੂੰ ਹਰਾਇਆ। ਇਸ ਦੇ ਨਾਲ ਹੁਣ ਚੇਨਈ ਦੀ ਟੀਮ ਇਸ ਲੀਗ ਵਿੱਚ ਸਭ ਤੋਂ ਵੱਧ ਵਾਰ ਦਿੱਲੀ ਨੂੰ ਹਰਾਉਣ ਵਾਲੀ ਟੀਮ ਬਣ ਗਈ ਹੈ ਅਤੇ ਉਸ ਨੇ ਮੁੰਬਈ, ਆਰਸੀਬੀ ਅਤੇ ਕੇਕੇਆਰ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਤਿੰਨੋਂ ਟੀਮਾਂ ਹੁਣ ਤੱਕ ਆਈਪੀਐੱਲ ਵਿੱਚ ਦਿੱਲੀ ਨੂੰ 16-16 ਵਾਰ ਹਰਾ ਚੁੱਕੀਆਂ ਹਨ। ਇਸ ਦੇ ਨਾਲ ਹੀ ਦੌੜਾਂ ਦੇ ਲਿਹਾਜ਼ ਨਾਲ ਦਿੱਲੀ 'ਤੇ ਚੇਨਈ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ।

Posted By: Jaswinder Duhra