ਦੁਬਈ (ਪੀਟੀਆਈ) : ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਮਹੇਲਾ ਜੈਵਰਧਨੇ ਨੇ ਕਿਹਾ ਕਿ ਚੇਨਈ ਸੁਪਰਕਿੰਗਜ਼ (ਸੀਐੱਸਕੇ) ਖ਼ਿਲਾਫ਼ ਆਈਪੀਐੱਲ ਦੇ ਪਹਿਲੇ ਮੈਚ ’ਚ ਕਪਤਾਨ ਰੋਹਿਤ ਸ਼ਰਮਾ ਨਹੀਂ ਖੇਡੇ, ਪਰ ਉਹ ਅਗਲਾ ਮੈਚ ਖੇਡਣਗੇ, ਜਦਕਿ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਇਹਤਿਆਤ ਦੇ ਦੌਰ ’ਤੇ ਬਾਹਰ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਮਾਮੂਲੀ ਸੱਟ ਲੱਗੀ ਸੀ।

ਜੈਵਰਧਨੇ ਨੇ ਕਿਹਾ, ‘ਰੋਹਿਤ ਬੱਲੇਬਾਜ਼ੀ ਤੇ ਰਨਿੰਗ ਕਰ ਰਹੇ ਸਨ, ਪਰ ਇੰਗਲੈਂਡ ਤੋਂ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਹੋਰ ਦਿਨ ਆਰਾਮ ਕਰਨ ਦੀ ਜ਼ਰੂਰਤ ਸੀ। ਉਹ ਅਗਲਾ ਮੈਚ ਖੇਡਣਗੇ। ਉਥੇ, ਹਾਰਦਿਕ ਨੂੰ ਅਭਿਆਸ ਦੌਰਾਨ ਮਾਮੂਲੀ ਸੱਟ ਲੱਗੀ ਅਤੇ ਇਹਤਿਆਤ ਦੇ ਤੌਰ ’ਤੇ ਅਸੀਂ ਉਨ੍ਹਾਂ ਨੂੰ ਆਰਾਮ ਦਿੱਤਾ। ਕੋਈ ਗੰਭੀਰ ਗੱਲ ਨਹੀਂ ਹੈ।’

ਜੈਵਰਧਨੇ ਨੇ ਪਹਿਲੇ ਮੈਚ ’ਚ ਸੀਐੱਸਕੇ ਖ਼ਿਲਾਫ਼ ਮਿਲੀ 20 ਦੌੜਾਂ ਦੀ ਹਾਰ ਲਈ ਬੱਲੇਬਾਜ਼ਾਂ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ, ‘ਅਸੀਂ ਕੁਝ ਵਿਕਟਾਂ ਆਸਾਨੀ ਨਾਲ ਗੁਆਈਆਂ। ਬੱਲੇਬਾਜ਼ਾਂ ਨੂੰ ਜ਼ਿੰਮੇਵਾਰੀ ਨਾਲ ਖੇਡ ਕੇ ਇਕ ਸਿਰਾ ਸੰਭਾਲਣਾ ਚਾਹੀਦਾ ਸੀ, ਜਿਵੇਂ ਰਿਤੂਰਾਜ ਨੇ ਚੇਨਈ ਲਈ ਕੀਤਾ। ਚੇਨਈ ਦੇ ਵਿਕਟ ਵੀ ਡਿੱਗਦੇ ਰਹੇ, ਪਰ ਉਨ੍ਹਾਂ ਕੋਲ ਇਕ ਅਜਿਹਾ ਬੱਲੇਬਾਜ਼ ਸੀ ਜਿਹੜਾ ਅੰਤ ਤਕ ਡਟਿਆ ਰਿਹਾ। ਸਾਡੇ ਬੱਲੇਬਾਜ਼ਾਂ ਨੇ ਉਹ ਜਜ਼ਬਾ ਨਹੀਂ ਦਿਖਾਇਆ।’

ਮੁੰਬਈ ਨੇ ਭਾਰਤ ’ਚ ਖੇਡੇ ਗਏ ਪਹਿਲੇ ਪੜਾਅ ’ਚ ਚੰਗਾ ਪ੍ਰਦਰਸ਼ਨ ਕੀਤਾ, ਪਰ ਜੈਵਰਧਨੇ ਨੇ ਸਵੀਕਾਰ ਕੀਤਾ ਕਿ ਉਹ ਲੈਅ ਫਿਰ ਤੋਂ ਬਣਾਉਣੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਹੱਥ ’ਚ ਨਹੀਂ ਹੈ। ਭਾਰਤ ’ਚ ਅਸੀਂ ਕੁਝ ਚੰਗੇ ਮੈਚ ਖੇਡੇ, ਪਰ ਟੂਰਨਾਮੈਂਟ ਵਿਚਾਲੇ ਰੋਕਣਾ ਪਿਆ। ਇਸ ਤੋਂ ਬਾਅਦ ਸਾਰੇ ਖਿਡਾਰੀਆਂ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਕ੍ਰਿਕਟ ਖੇਡੀ ਅਤੇ ਫਿਰ ਇੱਥੇ ਇਕੱਠੇ ਹੋਏ। ਹੁਣ ਉਹ ਲੈਅ ਫਿਰ ਤੋਂ ਬਣਾਉਣਾ ਸੌਖਾ ਨਹੀਂ ਹੋਵੇਗਾ।

Posted By: Jatinder Singh