ਜੇਐੱਨਐੱਨ, ਨਵੀਂ ਦਿੱਲੀ : ਕ੍ਰਿਸ ਮੌਰਿਸ ਨੂੰ ਇਸ ਵਾਰ ਨਿਲਾਮੀ ’ਚ ਰਾਜਸਥਾਨ ਰਾਇਲਜ਼ ਨੇ 16.23 ਕਰੋੜ ਰੁਪਏ ’ਚ ਖਰੀਦਿਆ ਸੀ। ਜਦੋਂ ਪੰਜਾਬ ਕਿੰਗਸ ਖ਼ਿਲਾਫ਼ ਰਾਜਸਥਾਨ ਨੂੰ ਅੰਤਿਮ ਦੋ ਗੇਂਦਾਂ ’ਤੇ ਪੰਜ ਦੌੜਾਂ ਚਾਹੀਦੀਆਂ ਸਨ ਤਾਂ ਕਪਤਾਨ ਸੰਜੂ ਸੈਮਸਨ ਨੇ ਉਨ੍ਹਾਂ ’ਤੇ ਭਰੋਸਾ ਨਹੀਂ ਕੀਤਾ। ਆਖਿਰੀ ਗੇਂਦ ਖੇਡਣ ਲਈ ਉਨ੍ਹਾਂ ਨੂੰ ਸਟ੍ਰਾਈਕ ਨਹੀਂ ਦਿੱਤੀ ਪਰ ਇਸ ਵਾਰ ਦਿੱਲੀ ਕੈਪੀਟਲਜ਼ ਖ਼ਿਲਾਫ਼ ਵੀਰਵਾਰ ਨੂੰ ਮੁੰਬਈ ’ਚ ਕਰਿਸ ਮੌਰਿਸ ਨੇ ਰਾਜਸਥਾਨ ਦੇ ਟਾਪ ਬੱਲੇਬਾਜ਼ਾਂ ਦੇ ਆਊਟ ਹੋਣ ਤੋਂ ਬਾਅਦ ਅੱਠਵੇਂ ਨੰਬਰ ’ਤੇ ਉੱਤਰ ਕੇ 18 ਗੇਂਦਾਂ ’ਚ ਚਾਰ ਛੱਕਿਆਂ ਦੀ ਮਦਦ ਨਾਲ ਅਜੇਤੂ 36 ਦੌੜਾਂ ਬਣਾ ਕੇ ਟੀਮ ਨੂੰ ਤਿੰਨ ਵਿਕਟਾਂ ਨਾਲ ਜਿੱਤ ਦਿਵਾਈ। ਮੈਚ ਤੋਂ ਬਾਅਦ ਸੈਮਸਨ ਨੇ ਪੰਜਾਬ ਖ਼ਿਲਾਫ਼ ਮੌਰਿਸ ਨੂੰ ਸਟ੍ਰਾਈਕ ਨਾ ਦੇਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਖ਼ਿਲਾਫ਼ ਹੋਏ ਮੈਚ ’ਚ ਉਹ 100 ਵਾਰ ਵੀ ਖੇਡਣਗੇ ਤਾਂ ਮੌਰਿਸ ਨੂੰ ਸਟ੍ਰਾਈਕ ਨਹੀਂ ਦੇਣਗੇ।

ਦਿੱਲੀ ਖ਼ਿਲਾਫ਼ ਮੈਚ ਨੂੰ ਲੈ ਕੇ ਸੈਮਸਨ ਨੇ ਕਿਹਾ ਕਿ 42 ਦੌੜਾਂ ’ਤੇ ਪੰਜ ਵਿਕਟਾਂ ਗੁਆਉਣ ਤੋਂ ਬਾਅਦ ਉਨ੍ਹਾਂ ਨੇ ਜਿੱਤ ਦੀ ਉਮੀਦ ਛੱਡ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਮਿਲਰ ਤੇ ਮੌਰਿਸ ਤੋਂ ਕੁਝ ਉਮੀਦਾਂ ਸੀ ਪਰ ਇਮਾਨਦਾਰੀ ਨਾਲ ਕਹਾਂ ਤਾਂ ਇਹ ਮੁਸ਼ਕਲ ਸੀ ਪਰ ਸਾਡੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਸਭ ਕੁਝ ਮਾਹੌਲ ਦੇ ਹਿਸਾਬ ’ਤੇ ਨਿਰਭਰ ਕਰਦਾ ਹੈ।

ਮੈਚ ਦਾ ਹਾਲ

ਰਾਜਸਥਾਨ ਲਈ ਡਵਿਡ ਮਿਲਰ ਨੇ ਵੀ 43 ਗੇਂਦਾਂ 'ਤੇ ਸੱਤ ਚੌਕਿਆਂ ਤੇ ਦੋ ਛੱਕਿਆਂ ਨਾਲ 62 ਦੌੜਾਂ ਬਣਾਈਆਂ। ਰਾਜਸਥਾਨ ਨੇ 19.4 ਓਵਰਾਂ ਵਿਚ ਸੱਤ ਵਿਕਟਾਂ 'ਤੇ 150 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਦਿੱਲੀ ਨੇ ਕਪਤਾਨ ਰਿਸ਼ਭ ਪੰਤ ਦੇ ਅਰਧ ਸੈਂਕੜੇ ਦੀ ਮਦਦ ਨਾਲ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 147 ਦੌੜਾਂ ਬਣਾਈਆਂ। ਪੰਤ ਨੇ 32 ਗੇਂਦਾਂ 'ਤੇ ਨੌਂ ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਰਾਜਸਥਾਨ ਵੱਲੋਂ ਜੈਦੇਵ ਉਨਾਦਕਟ ਨੇ 15 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ।

Posted By: Sunil Thapa