ਨਵੀਂ ਦਿੱਲੀ (ਜੇਐੱਨਐੱਨ) : ਡੇਵਿਡ ਵਾਰਨਰ ਤੋਂ ਕਪਤਾਨੀ ਖੋਹ ਕੇ ਕੇਨ ਵਿਲੀਅਮਸਨ ਨੂੰ ਸੌਂਪਣ ਤੇ ਵਾਰਨਰ ਨੂੰ ਆਖ਼ਰੀ ਇਲੈਵਨ ਤੋਂ ਬਾਹਰ ਕਰਨ ਦਾ ਫ਼ੈਸਲਾ ਵੀ ਸਨਰਾਈਜ਼ਰਜ਼ ਹੈਦਰਾਬਾਦ ਦੀ ਕਿਸਮਤ ਨੂੰ ਨਹੀਂ ਬਦਲ ਸਕਿਆ ਤੇ ਐਤਵਾਰ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਖੇਡੇ ਗਏ ਆਈਪੀਐੱਲ ਮੈਚ ਵਿਚ ਉਸ ਨੂੰ ਰਾਜਸਥਾਨ ਰਾਇਲਜ਼ ਹੱਥੋਂ 55 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜੋਸ ਬਟਲਰ ਦੇ ਟੀ-20 ਕਰੀਅਰ ਦੇ ਪਹਿਲੇ ਸੈਂਕੜੇ ਦੇ ਦਮ 'ਤੇ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ 'ਤੇ 220 ਦੌੜਾਂ ਦਾ ਵੱਡਾ ਸਕੋਰ ਬਣਾਇਆ।

ਬਟਲਰ ਨੇ 64 ਗੇਂਦਾਂ 'ਤੇ 11 ਚੌਕਿਆਂ ਤੇ ਅੱਠ ਛੱਕਿਆਂ ਦੀ ਮਦਦ ਨਾਲ 124 ਦੌੜਾਂ ਬਣਾ ਕੇ ਮੌਜੂਦਾ ਸੈਸ਼ਨ ਵਿਚ ਹੁਣ ਤਕ ਦੀ ਸਭ ਤੋਂ ਵੱਡੀ ਪਾਰੀ ਖੇਡੀ। ਜਵਾਬ ਵਿਚ ਹੈਦਰਾਬਾਦ ਦੀ ਟੀਮ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 165 ਦੌੜਾਂ ਤਕ ਹੀ ਪੁੱਜ ਸਕੀ। ਟੀਚੇ ਦਾ ਪਿੱਛਾ ਕਰਦੇ ਹੋਏ ਮਨੀਸ਼ ਪਾਂਡੇ (31) ਤੇ ਜਾਨੀ ਬੇਰਸਟੋ (30) ਨੇ ਛੇ ਓਵਰਾਂ ਵਿਚ 57 ਦੌੜਾਂ ਜੋੜ ਕੇ ਹੈਦਰਾਬਾਦ ਨੂੰ ਚੰਗੀ ਸ਼ੁਰੂਆਤ ਦਿੱਤੀ ਪਰ ਅਗਲੇ ਦੋ ਓਵਰਾਂ ਵਿਚ ਦੋਵੇਂ ਹੀ ਪਵੇਲੀਅਨ ਮੁੜ ਗਏ। ਪਾਂਡੇ ਨੂੰ ਮੁਸਤਫਿਜੁਰ ਰਹਿਮਾਨ ਨੇ ਬੋਲਡ ਕੀਤਾ ਜਦਕਿ ਬੇਰਸਟੋ ਨੂੰ ਰਾਹੁਲ ਤੇਵਤੀਆ ਨੇ ਆਊਟ ਕੀਤਾ।

ਇਸ ਤੋਂ ਬਾਅਦ ਹੈਦਰਾਬਾਦ ਨੇ ਲਗਾਤਾਰ ਵਕਫ਼ੇ 'ਤੇ ਵਿਕਟਾਂ ਗੁਆਈਆਂ। ਨਵੇਂ ਕਪਤਾਨ ਕੇਨ ਵਿਲੀਅਮਸਨ 21 ਗੇਂਦਾਂ 'ਤੇ ਸਿਰਫ਼ 20 ਦੌੜਾਂ ਹੀ ਬਣਾ ਸਕੇ। ਇਨ੍ਹਾਂ ਤੋਂ ਇਲਾਵਾ ਹੈਦਰਾਬਾਦ ਦਾ ਕੋਈ ਵੀ ਬੱਲੇਬਾਜ਼ 20 ਦੌੜਾਂ ਤਕ ਨਹੀਂ ਪੁੱਜ ਸਕਿਆ। ਰਾਜਸਥਾਨ ਵੱਲੋਂ ਮੁਸਤਫਿਜੁਰ ਤੇ ਕ੍ਰਿਸ ਮੌਰਿਸ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ। ਇਸ ਮੈਚ ਵਿਚ ਹੈਦਰਾਬਾਦ ਦੇ ਨਵੇਂ ਕਪਤਾਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਸਾਬਕਾ ਕਪਤਾਨ ਵਾਰਨਰ ਨੂੰ ਆਖ਼ਰੀ 11 ਵਿਚ ਵੀ ਥਾਂ ਨਹੀਂ ਦਿੱਤੀ।

Posted By: Sunil Thapa