ਮੁੰਬਈ (ਪੀਟੀਆਈ) : ਪੰਜਾਬ ਕਿੰਗਜ਼ ਦੇ ਬੱਲੇਬਾਜ਼ ਮਯੰਕ ਅਗਰਵਾਲ ਨੇ ਸ਼ਾਨਦਾਰ ਅਰਧ ਸੈਂਕੜੇ ਦੀ ਪਾਰੀ ਨਾਲ ਫਾਰਮ 'ਚ ਵਾਪਸੀ ਕੀਤੀ ਤੇ ਉਨ੍ਹਾਂ ਕਿਹਾ ਕਿ ਉਹ ਆਈਪੀਐੱਲ ਦੇ ਦੋ ਮੈਚਾਂ 'ਚ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਕਾਰਨ ਜ਼ਿਆਦਾ ਚਿੰਤਤ ਨਹੀਂ ਸਨ ਅਤੇ ਉਨ੍ਹਾਂ ਪਿਛਲੇ ਸੈਸ਼ਨ 'ਚ ਕਾਰਗਰ ਰਹਿਣ ਵਾਲੀਆਂ ਚੀਜ਼ਾਂ 'ਤੇ ਹੀ ਅਡਿਗ ਰਹਿਣ ਦੀ ਕੋਸ਼ਿਸ਼ ਕੀਤੀ।

ਮਯੰਕ ਨੇ ਸੰਯੁਕਤ ਅਰਬ ਅਮੀਰਾਤ 'ਚ ਹੋਏ ਪਿਛਲੇ ਸੈਸ਼ਨ 'ਚ 424 ਦੌੜਾਂ ਬਣਾਈਆਂ ਸਨ। ਉਹ ਮੌਜੂਦਾ ਸੈਸ਼ਨ 'ਚ ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰਕਿੰਗਜ਼ ਖ਼ਿਲਾਫ਼ ਕ੍ਰਮਵਾਰ 14 ਅਤੇ ਜ਼ੀਰੋ 'ਤੇ ਆਊਟ ਹੋ ਗਏ ਸਨ। ਹਾਲਾਂਕਿ ਬੈਂਗਲੁਰੂ ਦੇ ਇਸ 30 ਸਾਲਾ ਖਿਡਾਰੀ ਨੇ ਦਿੱਲੀ ਕੈਪੀਟਲਸ ਖ਼ਿਲਾਫ਼ ਐਤਵਾਰ ਨੂੰ 36 ਗੇਂਦਾਂ 'ਚ 69 ਦੌੜਾਂ ਦੀ ਪਾਰੀ ਖੇਡ ਕੇ ਪੰਜਾਬ ਕਿੰਗਜ਼ ਦੀ ਚਾਰ ਵਿਕਟਾਂ 'ਤੇ 195 ਦੌੜਾਂ ਬਣਾਉਣ 'ਚ ਮਦਦ ਕੀਤੀ। ਉਨ੍ਹਾਂ ਕਿਹਾ, 'ਮੈਂ ਜ਼ਿਆਦਾ ਨਹੀਂ ਸੋਚ ਰਿਹਾ ਸੀ। ਮੈਂ ਉਹੀ ਕਰਨ ਦੀ ਯੋਜਨਾ ਬਣਾਈ ਜੋ ਮੈਂ ਪਿਛਲੇ ਸਾਲ ਕੀਤਾ ਸੀ ਤੇ ਜੋ ਮੇਰੇ ਲਈ ਕਾਰਗਰ ਸੀ। ਮੈਂ ਪਿਛਲੇ ਮੈਚਾਂ ਬਾਰੇ ਨਹੀਂ ਸੋਚਣਾ ਚਾਹੁੰਦਾ ਸੀ ਤੇ ਮੈਂ ਜਿਹੋ ਜਿਹੀ ਬੱਲੇਬਾਜ਼ੀ ਕੀਤੀ ਉਸ ਤੋਂ ਖ਼ੁਸ਼ ਹਾਂ।' ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਦਿੱਲੀ ਕੈਪੀਟਲਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਤਰੇਲ ਦਾ ਅਸਰ ਹੋਇਆ ਪਰ ਸਿਹਰਾ ਦਿੱਲੀ ਦੇ ਗੇਂਦਬਾਜ਼ਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ 12 ਓਵਰਾਂ ਤੋਂ ਬਾਅਦ ਯੋਜਨਾ ਮੁਤਾਬਕ ਗੇਂਦਬਾਜ਼ੀ ਕੀਤੀ ਤੇ ਆਖ਼ਰੀ ਓਵਰਾਂ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

Posted By: Susheel Khanna