ਚੇਨਈ (ਪੀਟੀਆਈ) : ਪਿਛਲੇ ਸਾਲ ਆਈਪੀਐੱਲ ਜਿੱਤਣ ਵਾਲੀ ਮੁੰਬਈ ਇੰਡੀਅਨਜ਼ ਤੇ ਪਿਛਲੇ ਸੈਸ਼ਨ ਦੀ ਉਪ ਜੇਤੂ ਦਿੱਲੀ ਕੈਪੀਟਲਸ ਦੀਆਂ ਟੀਮਾਂ ਜਦੋਂ ਮੰਗਲਵਾਰ ਨੂੰ ਇੱਥੇ ਆਈਪੀਐੱਲ ਮੁਕਾਬਲੇ 'ਚ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦੀ ਕੋਸ਼ਿਸ਼ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋਵੇਗੀ। ਮੁੰਬਈ ਦੀ ਮਜ਼ਬੂਤ ਟੀਮ ਨੇ ਜੇ ਲਗਾਤਾਰ ਤੀਸਰੀ ਜਿੱਤ ਹਾਸਲ ਕਰਨੀ ਹੈ ਤਾਂ ਉਸ ਨੂੰ ਦਿੱਲੀ ਖ਼ਿਲਾਫ਼ ਆਪਣੇ ਮੱਧਕ੍ਰਮ ਦੀਆਂ ਦਿੱਕਤਾਂ ਨੂੰ ਦੂਰ ਕਰਨਾ ਪਵੇਗਾ। ਦਿੱਲੀ ਦੀ ਟੀਮ ਵਾਨਖੇੜੇ ਸਟੇਡੀਅਮ 'ਚ ਪੰਜਾਬ ਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਇਸ ਮੈਚ 'ਚ ਖੇਡੇਗੀ ਜਦੋਂਕਿ ਮੁੰਬਈ ਨੇ ਛੋਟੇ ਟੀਚਿਆਂ ਦਾ ਬਚਾਅ ਕਰਦੇ ਹੋਏ ਲਗਾਤਾਰ ਜਿੱਤ ਦਰਜ ਕੀਤੀ ਹੈ ਪਰ ਦਿੱਲੀ ਖ਼ਿਲਾਫ਼ ਅਜਿਹਾ ਨਹੀਂ ਹੋਣ ਵਾਲਾ, ਉਸ ਨੂੰ ਇਸ ਮੁਕਾਬਲੇ 'ਚ ਹਰ ਵਿਭਾਗ 'ਚ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਚੰਗੀ ਸ਼ੁਰੂਆਤ ਮਿਲੀ ਹੈ ਤੇ ਉਹ ਇਸ ਨੂੰ ਵੱਡੀ ਪਾਰੀ 'ਚ ਬਦਲਣ ਲਈ ਵਚਨਬੱਧ ਹੋਣਗੇ ਅਤੇ ਅਜਿਹਾ ਹੀ ਕਵਿੰਟਨ ਡਿਕਾਕ ਨਾਲ ਵੀ ਹੋਵੇਗਾ। ਮੁੰਬਈ ਕੋਲ ਸੂਰਿਆ ਕੁਮਾਰ ਯਾਦਵ, ਇਸ਼ਾਨ ਕਿਸ਼ਨ, ਕੀਰੋਨ ਪੋਲਾਰਡ, ਹਾਰਦਿਕ ਪਾਂਡਿਆ ਤੇ ਉਨ੍ਹਾਂ ਦੇ ਭਰਾ ਕੁਰਣਾਲ ਵਰਗੇ ਖਿਡਾਰੀ ਹਨ ਜੋ ਕਿਸੇ ਵੀ ਦਿਨ ਕਿਸੇ ਵੀ ਹਮਲੇ ਦੀ ਧੱਜੀਆਂ ਉਡਾਉਣ ਦੀ ਕਾਬਲੀਅਤ ਰੱਖਦੇ ਹਨ ਪਰ ਉਨ੍ਹਾਂ ਨੂੰ ਆਪਸ 'ਚ ਮਿਲ ਕੇ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਵੇਗਾ। ਪਿਛਲੇ ਮੈਚ ਤੋਂ ਬਾਅਦ ਰੋਹਿਤ ਨੇ ਮੰਨਿਆ ਸੀ ਕਿ ਉਨ੍ਹਾਂ ਦੀ ਟੀਮ ਵਿਚਲੇ ਓਵਰਾਂ 'ਚ ਥੋੜੀ ਬਿਹਤਰ ਬੱਲੇਬਾਜ਼ੀ ਕਰ ਸਕਦੀ ਹੈ। ਤੇਜ਼ ਗੇਂਦਬਾਜ਼ ਜਸਪ੍ਰਰੀਤ ਬੁਮਰਾਹ ਦੀ ਅਗਵਾਈ ਵਾਲਾ ਮੁੰਬਈ ਦਾ ਗੇਂਦਬਾਜ਼ੀ ਹਮਲਾ ਪਿਛਲੇ ਦੋ ਮੈਚਾਂ 'ਚ ਸ਼ਾਨਦਾਰ ਰਿਹਾ ਹੈ ਜਦੋਂਕਿ ਉਨ੍ਹਾਂ ਕ੍ਰਮਵਾਰ 150 ਅਤੇ 152 ਦੌੜਾਂ ਤੋਂ ਘੱਟ ਸਕੋਰ ਦਾ ਸਫਲਤਾਪੂਰਵਕ ਬਚਾਅ ਕੀਤਾ। ਮੁੱਖ ਗੇਂਦਬਾਜ਼ ਬੁਮਰਾਹ (ਤਿੰਨ ਵਿਕਟਾਂ) ਅਤੇ ਨਿਊਜ਼ੀਲੈਂਡ ਦੇ ਟ੍ਰੈਂਟ ਬੋਲਟ ( 6 ਵਿਕਟਾਂ) ਆਖਰੀ ਓਵਰਾਂ 'ਚ ਅਸਾਧਾਰਨ ਰਹੇ। ਲੈੱਗ ਸਪਿਨਰ ਰਾਹੁਲ ਚਾਹਰ ਨੇ ਪਿਛਲੇ ਦੋ ਮੈਚਾਂ 'ਚ ਸੱਤ ਵਿਕਟਾਂ ਲਈਆਂ, ਜਿਨ੍ਹਾਂ ਨੂੰ ਗੇਂਦਬਾਜ਼ੀ ਕੋਚ ਸ਼ੇਨ ਬਾਂਡ ਵਿਕਟਾਂ ਲੈਣ ਵਾਲਾ ਗੇਂਦਬਾਜ਼ ਦੱਸਦੇ ਹਨ। ਉਨ੍ਹਾਂ ਕੋਲ ਸਪਿਨਰ ਕੁਰਣਾਲ ਵੀ ਹੈ ਜੋ ਆਪਣੀ ਟੀਮ ਨੂੰ ਕਾਮਯਾਬੀ ਦਿਵਾਉਣ ਲਈ ਬੇਤਾਬ ਹੋਣਗੇ ਮੁੰਬਈ ਨੇ ਪਿਛਲੇ ਮੈਚ 'ਚ ਐਡਮ ਮਿਲਨੇ ਨੂੰ ਖਿਡਾਇਆ ਸੀ ਪਰ ਪਿੱਚ ਦੀ ਕਿਸਮ ਨੰੂ ਦੇਖਦੇ ਹੋਏ ਉਹ ਆਫ ਸਪਿਨਰ ਜੈਅੰਤ ਯਾਦਵ ਨੂੰ ਵੀ ਮੈਦਾਨ 'ਚ ਉਤਾਰ ਸਕਦੇ ਹਨ ਜੋ 2020 ਦੇ ਫਾਈਨਲ 'ਚ ਦਿੱਲੀ ਖ਼ਿਲਾਫ਼ ਖੇਡੇ ਸਨ।

ਦੂਜੇ ਪਾਸੇ ਦਿੱਲੀ ਲਈ ਸਭ ਤੋਂ ਚੰਗੀ ਚੀਜ਼ ਸ਼ਿਖਰ ਧਵਨ ਦੀ ਫਾਰਮ ਹੈ ਜੋ ਹੁਣ ਤਕ ਟੂਰਨਾਮੈਂਟ 'ਚ 186 ਦੌੜਾਂ ਬਣਾ ਕੇ ਦੌੜਾਂ ਦੇ ਮਾਮਲੇ 'ਚ ਚੋਟੀ 'ਤੇ ਹਨ। ਧਵਨ ਤੇ ਪਿ੍ਥਵੀ ਸ਼ਾਅ ਦੀ ਸਲਾਮੀ ਜੋੜੀ ਖ਼ਤਰਨਾਕ ਹੈ ਪਰ ਸ਼ਾਅ ਨੂੰ ਆਪਣੀ ਸ਼ੁਰੂਆਤ ਨੂੰ ਵੱਡੇ ਸਕੋਰ 'ਚ ਤਬਦੀਲ ਕਰਨ ਦੀ ਜ਼ਰੂਰਤ ਹੈ। ਦਿੱਲੀ ਨੇ ਐਤਵਾਰ ਨੂੰ ਆਸਟ੍ਰੇਲਿਆਈ ਸਟੀਵ ਸਮਿਥ ਨੂੰ ਖਿਡਾਉਣ ਦਾ ਫ਼ੈਸਲਾ ਕੀਤਾ ਸੀ ਪਰ ਉਹ ਹੁਣ ਚੇਪਕ ਦੀ ਹੌਲੀ ਪਿੱਚ 'ਤੇ ਖੇਡਣਗੇ ਤੇ ਅਜਿੰਕੇ ਰਹਾਣੇ ਨੂੰ ਵੀ ਖਿਡਾ ਸਕਦੇ ਹਨ ਜੋ ਇਸ ਤਰ੍ਹਾਂ ਦੀਆਂ ਪਿੱਚਾਂ 'ਤੇ ਬਿਹਤਰ ਢੰਗ ਨਾਲ ਖੇਡਣ ਲਈ ਅਨੁਕੂਲ ਹਨ। ਕਪਤਾਨ ਰਿਸ਼ਭ ਪੰਤ 'ਚ ਕਿਸੇ ਵੀ ਹਮਲੇ ਦੀਆਂ ਧੱਜੀਆਂ ਉਡਾਉਣ ਦੀ ਕਾਬਲੀਅਤ ਹੈ। ਦਿੱਲੀ ਦੀ ਟੀਮ ਮੈਨੇਜਮੈਂਟ ਉਮੀਦ ਕਰੇਗਾ ਕਿ ਪਿਛਲੀ ਚੈਂਪੀਅਨ ਖ਼ਿਲਾਫ਼ ਉਨ੍ਹਾਂ ਦੇ ਬੱਲੇਬਾਜ਼ ਇਕਜੁੱਟ ਹੋ ਕੇ ਖੇਡਣ ਜਿਨ੍ਹਾਂ ਖ਼ਿਲਾਫ਼ ਉਹ ਪਿਛਲੇ ਸਾਲ ਫਾਈਨਲ 'ਚ ਹਾਰ ਗਏ ਸਨ। ਦਿੱਲੀ ਕੋਲ ਮਾਰਕਸ ਸਟੋਈਨਿਸ ਅਤੇ ਲਲਿਤ ਯਾਦਵ ਵਰਗੇ ਬਿਹਤਰੀਨ ਹਰਫਨਮੌਲਾ ਖਿਡਾਰੀ ਵੀ ਹਨ ਅਤੇ ਇਹ ਖਿਡਾਰੀ ਵੀ ਆਪਣੀ ਭੂਮਿਕਾ ਨਿਭਾਉਣ ਲਈ ਬੇਤਾਬ ਹੋਣਗੇ। ਉਨ੍ਹਾਂ ਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਦੱਖਣੀ ਅਫਰੀਕਾ ਦੇ ਕੈਗਿਸੋ ਰਬਾਦਾ ਅਤੇ ਕ੍ਰਿਸ ਵੋਕਸ ਕਰਨਗੇ ਅਤੇ ਦੋਵੇਂ ਹੀ ਹੁਣ ਤਕ ਸ਼ਾਨਦਾਰ ਰਹੇ ਹਨ। ਉਨ੍ਹਾਂ ਕੋਲ ਐਨਰਿਕ ਨੋਤਰਜੇ ਦੇ ਰੂਪ 'ਚ ਇਕ ਵਾਧੂ ਬਦਲ ਵੀ ਹੈ ਜੋ ਟੀਮ ਨਾਲ ਜੁੜ ਗਏ ਹਨ। ਦਿੱਲੀ ਨੇ ਪੰਜਾਬ ਖ਼ਿਲਾਫ਼ ਚਾਰ ਤੇਜ਼ ਗੇਂਦਬਾਜ਼ਾਂ ਨੂੰ ਖਿਡਾਇਆ ਸੀ ਪਰ ਚੇਨਈ 'ਚ ਉਹ ਸਪਿਨਰਾਂ ਨੂੰ ਖਿਡਾ ਸਕਦੇ ਹਨ ਕਿਉਂਕਿ ਇਹ ਪਿੱਚ ਫਿਰਕੀ ਗੇਂਦਬਾਜ਼ਾਂ ਈ ਫਾਇਦੇਮੰਦ ਹੈ। ਉਨ੍ਹਾਂ ਕੋਲ ਤਜਰਬੇਕਾਰ ਅਮਿਤ ਮਿਸ਼ਰਾ, ਪ੍ਰਵੀਨ ਦੁਬੇ ਤੇ ਨਵੇਂ ਖਿਡਾਰੀ ਸ਼ਮਸ ਮੁਲਾਨੀ ਦੇ ਵੀ ਬਦਲ ਹਨ ਜੋ ਰਵੀਚੰਦਰਨ ਅਸ਼ਵਿਨ ਦੇ ਮਦਦਗਾਰ ਹੋ ਸਕਦੇ ਹਨ।

ਟੀਮਾਂ

ਦਿੱਲੀ ਕੈਪੀਟਲਸ : ਰਿਸ਼ਭ ਪੰਤ (ਕਪਤਾਨ), ਅਜਿੰਕੇ ਰਹਾਣੇ, ਸ਼ਿਖਰ ਧਵਨ, ਪਿ੍ਰਥਵੀ ਸ਼ਾਅ, ਸ਼ਿਮਰੋਨ ਹੈਟਮੇਅਰ, ਮਾਰਕਸ ਸਟੋਈਨਿਸ, ਕ੍ਰਿਸ ਵੋਕਸ, ਆਰ ਅਸ਼ਵਿਨ, ਅਮਿਤ ਮਿਸ਼ਰਾ, ਲਲਿਤ ਯਾਦਵ, ਪ੍ਰਵੀਨ ਦੁਬੇ, ਕੈਗਿਸੋ ਰਬਾਦਾ, ਐਨਰਿਕ ਨੋਤਰਜੇ, ਇਸ਼ਾਂਤ ਸ਼ਰਮਾ, ਆਵੇਸ਼ ਖ਼ਾਨ, ਸਟੀਵ ਸਮਿਥ, ਉਮੇਸ਼ ਯਾਦਵ, ਰਿਪਲ ਪਟੇਲ, ਵਿਸ਼ਣੂ ਵਿਨੋਦ, ਲੁਕਮਾਨ ਮੈਰੀਵਾਲਾ, ਐੱਮ ਸਿਧਾਰਥ, ਟਾਮ ਕੁਰਰਨ, ਸੈਮ ਬਿਲਿੰਗਸ ਅਤੇ ਅਨਿਰੁਧ ਜੋਸ਼ੀ।

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਸੂਰਿਆ ਕੁਮਾਰ ਯਾਦਵ, ਅਨਮੋਲਪ੍ਰਰੀਤ ਸਿੰਘ, ਕ੍ਰਿਸ ਲਿਨ, ਸੌਰਭ ਤਿਵਾੜੀ, ਧਵਲ ਕੁਲਕਰਨੀ, ਜਸਪ੍ਰਰੀਤ ਬੁਮਰਾਹ, ਰਾਹੁਲ ਚਾਹਰ, ਟ੍ਰੈਂਟ ਬੋਲਟ, ਮੋਹਸਿਨ ਖ਼ਾਨ, ਹਾਰਦਿਕ ਪਾਂਡਿਆ, ਜੈਯੰਤ ਯਾਦਵ, ਕੀਰੋਨ ਪੋਲਾਰਡ, ਕੁਰਣਾਲ ਪਾਂਡਿਆ, ਅਨੁਕੂਲ ਰਾਏ, ਇਸ਼ਾਨ ਕਿਸ਼ਨ, ਕਵਿੰਟਨ ਡਿਕਾਕ, ਆਦਿਤਿਆ ਤਾਰੇ, ਐਡਮ ਮਿਲਨੇ, ਨਾਥਨ ਕੂਲਟਰ ਨਾਇਲ, ਪੀਯੂਸ਼ ਚਾਵਲਾ, ਜੇਮਸ ਨੀਸ਼ਾਮ, ਯੁੱਧਵੀਰ ਚਰਕ, ਮਾਰਕੋ ਜੈਨਸੇਨ ਅਤੇ ਅਰਜੁਨ ਤੇਂਦੁਲਕਰ।