ਨਵੀਂ ਦਿੱਲੀ (ਜੇਐੱਨਐੱਨ) : ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਵੀਰਵਾਰ ਨੂੰ ਇੱਥੇ ਅਰੁਣ ਜੇਤਲੀ ਸਟੇਡੀਅਮ ਵਿਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਹੋਣ ਵਾਲੇ ਆਈਪੀਐੱਲ ਮੈਚ ਵਿਚ ਮੱਧਕ੍ਰਮ ਦੀਆਂ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰ ਕੇ ਜੇਤੂ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਮੁੰਬਈ ਲਗਾਤਾਰ ਦੋ ਮੈਚ ਗੁਆਉਣ ਤੋਂ ਬਾਅਦ ਇਸ ਮੈਚ ਵਿਚ ਉਤਰੇਗੀ। ਪਿਛਲੇ ਮੈਚ 'ਚ ਉਸ ਨੂੰ ਪੰਜਾਬ ਕਿੰਗਜ਼ ਹੱਥੋਂ ਨੌਂ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਉਹ ਦਿੱਲੀ ਗੇੜ ਵਿਚ ਨਵੇਂ ਸਿਰੇ ਤੋਂ ਸ਼ੁਰੂਆਤ ਕਰਨਾ ਚਾਹੇਗੀ।

ਸੰਜੂ ਸੈਮਸਨ ਦੀ ਅਗਵਾਈ ਵਾਲੇ ਰਾਜਸਥਾਨ ਨੇ ਹੁਣ ਤਕ ਟੂਰਨਾਮੈਂਟ ਵਿਚ ਤਿੰਨ ਮੈਚ ਗੁਆਏ ਹਨ ਤੇ ਉਹ ਪਿਛਲੇ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਛੇ ਵਿਕਟਾਂ ਦੀ ਜਿੱਤ ਦੇ ਪ੍ਰਦਰਸ਼ਨ ਨੂੰ ਹੀ ਦੁਹਰਾਉਣ ਦੀ ਕੋਸ਼ਿਸ਼ ਕਰੇਗਾ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ (201 ਦੌੜਾਂ) ਨੇ ਚੰਗੀ ਸ਼ੁਰੂਆਤ ਕੀਤੀ ਹੈ ਪਰ ਉਹ ਹੁਣ ਤਕ ਵੱਡੀ ਪਾਰੀ ਨਹੀਂ ਖੇਡ ਸਕੇ ਹਨ। ਮੁੰਬਈ ਦਾ ਇਹ ਬੱਲੇਬਾਜ਼ ਤੇ ਉਨ੍ਹਾਂ ਦੇ ਸਲਾਮੀ ਜੋੜੀਦਾਰ ਕਵਿੰਟਨ ਡਿਕਾਕ ਦੋਵੇਂ ਵੱਡੀ ਪਾਰੀ ਖੇਡਣ ਲਈ ਵਚਨਬੱਧ ਹੋਣਗੇ। ਮੁੰਬਈ ਦੀ ਸਭ ਤੋਂ ਵੱਡੀ ਚਿੰਤਾ ਉਸ ਦਾ ਮੱਧ ਕ੍ਰਮ ਹੈ ਜੋ ਇਕਾਈ ਦੇ ਰੂਪ ਵਿਚ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਹੈ। ਉਸ ਦੇ ਮੱਧ ਕ੍ਰਮ ਵਿਚ ਸੂਰਿਆ ਕੁਮਾਰ ਯਾਦਵ (154 ਦੌੜਾਂ), ਇਸ਼ਾਨ ਕਿਸ਼ਨ (73 ਦੌੜਾਂ), ਹਾਰਦਿਕ ਪਾਂਡਿਆ (36 ਦੌੜਾਂ), ਕਰੁਣਾਲ ਪਾਂਡਿਆ (29 ਦੌੜਾਂ), ਤੇ ਕਿਰੋਨ ਪੋਲਾਰਡ (65 ਦੌੜਾਂ) ਸ਼ਾਮਲ ਹਨ। ਗੇਂਦਬਾਜ਼ੀ ਵਿਭਾਗ ਵਿਚ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ (ਛੇ ਵਿਕਟਾਂ) ਤੇ ਜਸਪ੍ਰਰੀਤ ਬੁਮਰਾਹ (ਚਾਰ ਵਿਕਟਾਂ) ਨੇ ਖ਼ਾਸ ਕਰ ਕੇ ਆਖ਼ਰੀ ਓਵਰਾਂ ਵਿਚ ਬਹੁਤ ਚੰਗੀ ਗੇਂਦਬਾਜ਼ੀ ਕੀਤੀ ਹੈ। ਲੈੱਗ ਸਪਿੰਨਰ ਰਾਹੁਲ ਚਾਹਰ (ਨੌਂ ਵਿਕਟਾਂ) ਤੇ ਕਰੁਣਾਲ (ਤਿੰਨ ਵਿਕਟਾਂ) ਨੇ ਵੀ ਚੰਗੀ ਗੇਂਦਬਾਜ਼ੀ ਕੀਤੀ ਹੈ ਤੇ ਉਮੀਦ ਹੈ ਕਿ ਉਨ੍ਹਾਂ ਨੂੰ ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਰਾਸ ਆਵੇਗੀ।

ਕਮਜ਼ੋਰ ਹੋਈ ਹੈ ਰਾਜਸਥਾਨ ਦੀ ਟੀਮ

ਪੋਲਾਰਡ ਨੂੰ ਪੰਜਵੇਂ ਜਾਂ ਛੇਵੇਂ ਗੇਂਦਬਾਜ਼ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ ਜਦਕਿ ਹਾਰਦਿਕ ਸਿਰਫ਼ ਬੱਲੇਬਾਜ਼ ਦੇ ਰੂਪ ਵਿਚ ਖੇਡ ਰਹੇ ਹਨ। ਦੂਜੇ ਪਾਸੇ ਰਾਜਸਥਾਨ ਨੇ ਕਈ ਮਾਮਲਿਆਂ ਨਾਲ ਨਜਿੱਠਣਾ ਹੈ। ਖ਼ਾਸ ਕਰ ਕੇ ਵਿਦੇਸ਼ੀ ਖਿਡਾਰੀਆਂ ਜੋਫਰਾ ਆਰਚਰ, ਬੇਨ ਸਟੋਕਸ ਲਿਆਮ ਲਿਵਿੰਗਸਟੋਨ ਤੇ ਐਂਡਰਿਊ ਟਾਈ ਦੇ ਵੱਖ-ਵੱਖ ਕਾਰਨਾਂ ਨਾਲ ਹਟ ਜਾਣ ਨਾਲ ਟੀਮ ਕਮਜ਼ੋਰ ਹੋਈ ਹੈ।

ਸੰਜੂ ਸੈਮਸਨ ਨੂੰ ਬਣਾਈ ਰੱਖਣੀ ਪਵੇਗੀ ਨਿਰੰਤਰਤਾ

ਰਾਇਲਜ਼ ਅਜੇ ਤਕ ਸਲਾਮੀ ਜੋੜੀ ਤੈਅ ਨਹੀਂ ਕਰ ਸਕਿਆ ਹੈ। ਮਨਨ ਵੋਹਰਾ (42 ਦੌੜਾਂ) ਤੇ ਯਸ਼ਸਵੀ ਜਾਇਸਵਾਲ (22 ਦੌੜਾਂ) ਵੱਡੀ ਪਾਰੀ ਖੇਡਣ ਵਿਚ ਨਾਕਾਮ ਰਹੇ ਹਨ। ਇੰਗਲੈਂਡ ਦੇ ਜੋਸ ਬਟਲਰ ਨੂੰ ਵੀ ਵੱਡੀ ਪਾਰੀ ਖੇਡਣ ਦੀ ਲੋੜ ਹੈ ਜਦਕਿ ਕਪਤਾਨ ਸੈਮਸਨ (183) ਨੂੰ ਆਪਣੇ ਪ੍ਰਦਰਸ਼ਨ ਵਿਚ ਨਿਰੰਤਰਤਾ ਬਣਾਈ ਰੱਖਣੀ ਪਵੇਗੀ। ਸ਼ਿਵਮ ਦੂਬੇ, ਡੇਵਿਡ ਮਿਲਰ ਤੇ ਰਿਆਨ ਪਰਾਗ ਨੂੰ ਵੀ ਮਹੱਤਵਪੂਰਨ ਯੋਗਦਾਨ ਦੇਣਾ ਪਵੇਗਾ।

ਚੇਤਨ ਤੇ ਜੈਦੇਵ ਕਰ ਰਹੇ ਨੇ ਚੰਗਾ ਪ੍ਰਦਰਸ਼ਨ

ਹਰਫ਼ਨਮੌਲਾ ਕ੍ਰਿਸ ਮੌਰਿਸ (ਨੌਂ ਵਿਕਟਾਂ ਤੇ 48 ਦੌੜਾਂ) 'ਤੇ ਫਿਰ ਤੋਂ ਆਪਣੀ ਵੱਡੀ ਕੀਮਤ ਨੂੰ ਸਹੀ ਸਾਬਿਤ ਕਰਨ ਦਾ ਦਬਾਅ ਹੋਵੇਗਾ। ਗੇਂਦਬਾਜ਼ੀ ਵਿਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਚੇਤਨ ਸਕਾਰੀਆ (ਸੱਤ ਵਿਕਟਾਂ) ਨੇ ਅਹਿਮ ਭੂਮਿਕਾ ਨਿਭਾਈ ਹੈ ਜਦਕਿ ਜੈਦੇਵ ਉਨਾਦਕਟ (ਚਾਰ ਵਿਕਟਾ) ਤੇ ਮੁਸਤਫਿਜੁਰ ਰਹਿਮਾਨ (ਚਾਰ ਵਿਕਟਾਂ) ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਲੈੱਗ ਸਪਿੰਨਰ ਰਾਹੁਲ ਤੇਵਤੀਆ ਨੇ ਪੰਜ ਮੈਚਾਂ ਵਿਚ ਸਿਰਫ਼ ਇਕ ਵਿਕਟ ਹਾਸਲ ਕੀਤਾ ਹੈ ਜਦਕਿ ਇਕ ਹੋਰ ਲੈੱਗ ਸਪਿੰਨਰ ਸ਼੍ਰੇਅਸ ਗੋਪਾਲ ਦੋ ਮੈਚਾਂ ਵਿਚ ਕੋਈ ਵਿਕਟ ਨਹੀਂ ਲੈ ਸਕੇ। ਇਹ ਮੈਚ ਦੁਪਹਿਰ ਬਾਅਦ ਖੇਡਿਆ ਜਾਵੇਗਾ ਤੇ ਇਸ ਲਈ ਤਰੇਲ ਦਾ ਮਸਲਾ ਨਹੀਂ ਹੋਵੇਗਾ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਮੁੰਬਈ ਇੰਡੀਅਨਜ਼

ਰੋਹਿਤ ਸ਼ਰਮਾ, ਐਡਮ ਮਿਲਨੇ, ਆਦਿਤਿਆ ਤਾਰੇ, ਅਨਮੋਲਪ੍ਰਰੀਤ ਸਿੰਘ, ਅਨੁਕੂਲ ਰਾਏ, ਅਰਜੁਨ ਤੇਂਦੁਲਕਰ, ਕ੍ਰਿਸ ਲਿਨ, ਧਵਲ ਕੁਲਕਰਨੀ, ਹਾਰਦਿਕ ਪਾਂਡਿਆ, ਇਸ਼ਾਨ ਕਿਸ਼ਨ, ਜੇਮਜ਼ ਨੀਸ਼ਾਮ, ਜਸਪ੍ਰਰੀਤ ਬੁਮਰਾਹ, ਜਯੰਤ ਯਾਦਵ, ਕਿਰੋਨ ਪੋਲਾਰਡ, ਕਰੁਣਾਲ ਪਾਂਡਿਆ, ਮਾਰਕੋ ਜਾਨਸਨ, ਮੋਹਸਿਨ ਖ਼ਾਨ, ਨਾਥਨ ਕੂਲਟਰ ਨਾਈਲ, ਪਿਊਸ਼ ਚਾਵਲਾ, ਕਵਿੰਟਨ ਡਿਕਾਕ, ਰਾਹੁਲ ਚਾਹਰ, ਸੌਰਭ ਤਿਵਾੜੀ, ਸੂਰਿਆ ਕੁਮਾਰ ਯਾਦਵ, ਟ੍ਰੇਂਟ ਬੋਲਟ, ਯੁੱਧਵੀਰ ਸਿੰਘ।

ਰਾਜਸਥਾਨ ਰਾਇਲਜ਼

ਸੰਜੂ ਸੈਮਸਨ (ਕਪਤਾਨ), ਜੋਸ ਬਟਲਰ, ਯਸ਼ਸਵੀ ਜਾਇਸਵਾਲ, ਮਨਨ ਵੋਹਰਾ, ਅਨੁਜ ਰਾਵਤ, ਰਿਆਨ ਪਰਾਗ, ਡੇਵਿਡ ਮਿਲਰ, ਰਾਹੁਲ ਤੇਵਤੀਆ, ਮਹਿਪਾਲ ਲੋਮਰੋਰ, ਸ਼੍ਰੇਅਸ ਗੋਪਾਲ, ਮਯੰਕ ਮਾਰਕੰਡੇ, ਜੈਦੇਵ ਉਨਾਦਕਟ, ਕਾਰਤਿਕ ਤਿਆਗੀ, ਸ਼ਿਵਮ ਦੂਬੇ, ਕ੍ਰਿਸ ਮੌਰਿਸ, ਮੁਤਫਿਜੁਰ ਰਹਿਮਾਨ, ਚੇਤਨ ਸਕਾਰੀਆ, ਕੇਸੀ ਕਰੀਅੱਪਾ, ਕੁਲਦੀਪ ਯਾਦਵ, ਆਕਾਸ਼ ਸਿੰਘ।