ਨਵੀਂ ਦਿੱਲੀ (ਜੇਐੱਨਐੱਨ) : ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੀ ਟੀਮ ਜਦ ਵੀਰਵਾਰ ਨੂੰ ਸ਼ਾਰਜਾਹ ਵਿਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਆਈਪੀਐੱਲ ਮੈਚ ਵਿਚ ਉਤਰੀ ਤਾਂ ਉਹ ਜਾਣਦੀ ਸੀ ਕਿ ਉਸ ਨੂੰ ਪਲੇਆਫ ਵਿਚ ਪੁੱਜਣ ਲਈ ਵੱਡੀ ਜਿੱਤ ਦੀ ਲੋੜ ਹੈ। ਉਸ ਦੇ ਸਲਾਮੀ ਬੱਲੇਬਾਜ਼ਾਂ ਸ਼ੁਭਮਨ ਗਿੱਲ (56) ਤੇ ਵੈਂਕਟੇਸ਼ ਅਈਅਰ (38) ਨੇ ਉਸ ਨੂੰ ਚੰਗੀ ਸ਼ੁਰੂਆਤ ਦਿਵਾਈ। ਇਸ ਕਾਰਨ ਟੀਮ ਨੇ ਤੈਅ 20 ਓਵਰਾਂ 'ਚ ਚਾਰ ਵਿਕਟਾਂ 'ਤੇ 171 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਜਵਾਬ 'ਚ ਰਾਜਸਥਾਨ ਦੀ ਟੀਮ 16.1 ਓਵਰਾਂ 85 ਦੌੜਾਂ 'ਤੇ ਆਲ ਆਊਟ ਹੋ ਗਈ ਤੇ 86 ਦੌੜਾਂ ਨਾਲ ਮੈਚ ਹਾਰ ਗਈ। ਕੋਲਕਾਤਾ ਵੱਲੋਂ ਸ਼ਿਵਮ ਮਾਵੀ ਨੇ ਚਾਰ ਤੇ ਲਾਕੀ ਫਰਗਿਊਸਨ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਦਿੱਲੀ ਕੈਪੀਟਲਜ਼, ਸੀਐੱਸਕੇ ਤੇ ਆਰਸੀਬੀ ਪਹਿਲਾਂ ਹੀ ਪਲੇਆਫ ਵਿਚ ਥਾਂ ਬਣਾ ਚੁੱਕੀਆਂ ਹਨ ਤੇ ਪਲੇਆਫ ਵਿਚ ਪੁੱਜਣ ਵਾਲੀ ਚੌਥੀ ਟੀਮ ਬਣਨ ਲਈ ਕੇਕੇਆਰ ਤੇ ਮੁੰਬਈ ਇੰਡੀਅਨਜ਼ ਵਿਚਾਲੇ ਦੌੜ ਹੈ। ਹਾਲਾਂਕਿ ਕੇਕੇਆਰ ਨੇ ਇਸ ਜਿੱਤ ਨਾਲ ਚੌਥੇ ਸਥਾਨ 'ਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ।