ਨਵੀਂ ਦਿੱਲੀ (ਜੇਐੱਨਐੱਨ) : ਕੁਆਲੀਫਾਇਰ-1 ਵਿਚ ਚੇਨਈ ਸੁਪਰ ਕਿੰਗਜ਼ ਹੱਥੋਂ ਹਾਰਨ ਵਾਲੀ ਦਿੱਲੀ ਕੈਪੀਟਲਜ਼ ਦੀ ਟੀਮ ਬੁੱਧਵਾਰ ਨੂੰ ਕੁਆਲੀਫਾਇਰ-2 ਵਿਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਵੀ ਤਿੰਨ ਵਿਕਟਾਂ ਨਾਲ ਹਾਰ ਗਈ। ਦਿੱਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ 'ਚ ਪੰਜ ਵਿਕਟਾਂ 'ਤੇ 135 ਦੌੜਾਂ ਬਣਾਈਆਂ। ਦਿੱਲੀ ਵੱਲੋਂ ਸਰਬੋਤਮ ਸਕੋਰਰ ਸ਼ਿਖਰ ਧਵਨ ਰਹੇ ਜਿਨ੍ਹਾਂ ਨੇ 36 ਦੌੜਾਂ ਬਣਾਈਆਂ। ਕੋਲਕਾਤਾ ਵੱਲੋਂ ਵਰੁਣ ਚੱਕਰਵਰਤੀ ਨੇ ਦੋ ਜਦਕਿ ਫਰਗਿਊਸਨ ਤੇ ਮਾਵੀ ਨੇ ਇਕ-ਇਕ ਵਿਕਟ ਲਈ। ਜਵਾਬ 'ਚ ਕੋਲਕਾਤਾ ਦੀ ਟੀਮ ਨੇ ਇਕ ਗੇਂਦ ਬਾਕੀ ਰਹਿੰਦਿਆਂ ਸੱਤ ਵਿਕਟਾਂ 'ਤੇ 136 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਤੇ ਫਾਈਨਲ 'ਚ ਥਾਂ ਬਣਾ ਲਈ। ਦਿੱਲੀ ਵੱਲੋਂ ਗੇਂਦਬਾਜ਼ੀ ਕਰਦਿਆਂ ਐਨਰਿਕ ਨਾਰਤਜੇ, ਰਵੀਚੰਦਰਨ ਅਸ਼ਵਿਨ ਤੇ ਕੈਗਿਸੋ ਰਬਾਦਾ ਨੇ ਦੋ-ਦੋ ਜਦਕਿ ਆਵੇਸ਼ ਖ਼ਾਨ ਨੇ ਇਕ ਵਿਕਟ ਹਾਸਲ ਕੀਤੀ। ਆਸਾਨੀ ਨਾਲ ਜਿੱਤ ਵੱਲ ਵਧ ਰਹੀ ਕੋਲਕਾਤਾ ਦੀ ਟੀਮ ਆਖ਼ਰੀ ਓਵਰਾਂ 'ਚ ਲੜਖੜਾਈ ਪਰ ਤਿ੍ਪਾਠੀ ਨੇ ਰਵੀਚੰਦਰਨ ਅਸ਼ਵਿਨ ਦੇ ਆਖ਼ਰੀ ਓਵਰ ਦੀ ਪੰਜਵੀਂ ਗੇਂਦ 'ਤੇ ਛੱਕਾ ਲਾ ਕੇ ਟੀਮ ਦੀ ਜਿੱਤ ਯਕੀਨੀ ਬਣਾਈ। ਹੁਣ ਫਾਈਨਲ ਵਿਚ ਕੋਲਕਾਤਾ ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ ਦੀ ਟੀਮ ਨਾਲ ਹੋਵੇਗਾ।

Posted By: Jatinder Singh