ਨਵੀਂ ਦਿੱਲੀ (ਜੇਐੱਨਐੱਨ) : ਮਯੰਕ ਅਗਰਵਾਲ ਨੇ ਆਪਣੀ ਟੀਮ ਪੰਜਾਬ ਕਿੰਗਜ਼ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਖੇ ਆਈਪੀਐੱਲ ਮੈਚ ਵਿਚ ਦਿੱਲੀ ਕੈਪੀਟਲਜ਼ ਖ਼ਿਲਾਫ਼ ਧਮਾਕੇਦਾਰ ਸ਼ੁਰੂਆਤ ਦਿਵਾਈ ਜਿਸ ਦੇ ਦਮ 'ਤੇ ਪੰਜਾਬ ਕਿੰਗਜ਼ ਨੇ ਤੈਅ 20 ਓਵਰਾਂ 'ਚ ਚਾਰ ਵਿਕਟਾਂ 'ਤੇ 195 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਪਰ ਉਨ੍ਹਾਂ ਦੀ ਇਸ ਪਾਰੀ 'ਤੇ ਦਿੱਲੀ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਪਾਣੀ ਫੇਰ ਦਿੱਤਾ ਤੇ 49 ਗੇਂਦਾਂ 'ਤੇ 13 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 92 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਛੇ ਵਿਕਟਾਂ ਨਾਲ ਜਿੱਤ ਦਿਵਾਈ। ਦਿੱਲੀ ਦੀ ਟੀਮ ਨੇ ਪੰਜਾਬ ਵੱਲੋਂ ਮਿਲੇ ਟੀਚੇ ਨੂੰ 18.2 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 198 ਦੌੜਾਂ ਬਣਾ ਕੇ ਹਾਸਲ ਕਰ ਲਿਆ।

ਇਸ ਤੋਂ ਪਹਿਲਾਂ ਦਿੱਲੀ ਦੇ ਕਪਤਾਨ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਮਯੰਕ ਅਗਰਵਾਲ ਨੇ ਆਪਣੀ 36 ਗੇਂਦਾਂ ਦੀ ਪਾਰੀ ਵਿਚ ਸੱਤ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 69 ਦੌੜਾਂ ਬਣਾਈਆਂ ਜਦਕਿ ਲੋਕੇਸ਼ ਰਾਹੁਲ ਨੇ 51 ਗੇਂਦਾਂ 'ਚ ਸੱਤ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 61 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਗੇਲ ਨੇ ਨੌਂ ਗੇਂਦਾਂ 'ਤੇ 11 ਤੇ ਪੂਰਨ ਨੇ ਅੱਠ ਗੇਂਦਾਂ 'ਤੇ ਨੌਂ ਦੌੜਾਂ ਬਣਾਈਆਂ। ਦੀਪਕ ਹੁੱਡਾ ਨੇ 13 ਗੇਂਦਾਂ 'ਤੇ ਦੋ ਛੱਕਿਆਂ ਦੀ ਮਦਦ ਨਾਲ ਅਜੇਤੂ 22 ਤੇਜ਼ ਦੌੜਾਂ ਬਣਾਈਆਂ ਤੇ ਅੰਤ ਵਿਚ ਸ਼ਾਹਰੁਖ਼ ਸਿਰਫ਼ ਪੰਜ ਗੇਂਦਾਂ 'ਤੇ ਦੋ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 15 ਦੌੜਾਂ ਬਣਾ ਕੇ ਅਜੇਤੂ ਮੁੜੇ।

ਪੰਤ ਨੇ ਇਸ ਵਾਰ ਰਾਜਸਥਾਨ ਰਾਇਲਜ਼ ਤੋਂ ਦਿੱਲੀ ਦੀ ਟੀਮ ਵਿਚ ਸ਼ਾਮਲ ਹੋਏ ਸਟੀਵ ਸਮਿਥ ਨੂੰ ਅਜਿੰਕੇ ਰਹਾਣੇ ਦੀ ਥਾਂ ਆਖ਼ਰੀ ਇਲੈਵਨ ਵਿਚ ਥਾਂ ਦਿੱਤੀ ਜਦਕਿ ਟਾਮ ਕੁਰਨ ਦੀ ਥਾਂ 'ਤੇ ਲੁਕਮੈਨ ਮੈਰੀਵਾਲਾ ਨੂੰ ਸ਼ਾਮਲ ਕੀਤਾ। ਉਥੇ ਪੰਜਾਬ ਦੇ ਕਪਤਾਨ ਰਾਹੁਲ ਨੇ ਮੁਰੂਗਨ ਅਸ਼ਵਿਨ ਦੀ ਥਾਂ 'ਤੇ ਜਲਜ ਸਕਸੈਨਾ ਨੂੰ ਮੌਕਾ ਦਿੱਤਾ। ਅਜੇ ਤਕ ਆਈਪੀਐੱਲ ਵਿਚ ਮਯੰਕ ਦਾ ਬੱਲਾ ਸ਼ਾਂਤ ਸੀ ਪਰ ਇਸ ਮੈਚ 'ਚ ਉਨ੍ਹਾਂ ਨੇ ਲੈਅ ਵਿਚ ਆਉਣ ਦੇ ਸੰਕੇਤ ਦਿੱਤੇ।

Posted By: Sunil Thapa