ਮੁੰਬਈ (ਪੀਟੀਆਈ) : ਤਿੰਨ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਤੇ ਰਾਜਸਥਾਨ ਰਾਇਲਜ਼ ਆਪਣੀ ਪਹਿਲੀ ਜਿੱਤ ਦਰਜ ਕਰਨ ਤੋਂ ਬਾਅਦ ਸੋਮਵਾਰ ਨੂੰ ਜਦ ਇੱਥੇ ਆਈਪੀਐੱਲ ਮੁਕਾਬਲੇ ਵਿਚ ਇਕ ਦੂਜੇ ਨਾਲ ਭਿੜਨਗੀਆਂ ਤਾਂ ਉਨ੍ਹਾਂ ਦੀ ਕੋਸ਼ਿਸ਼ ਇਸੇ ਲੈਅ ਨੂੰ ਜਾਰੀ ਰੱਖਣ ਦੀ ਹੋਵੇਗੀ। ਦੋਵਾਂ ਟੀਮਾਂ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਮੁਕਾਬਲੇ ਗੁਆਉਣ ਤੋਂ ਬਾਅਦ ਵਾਪਸੀ ਕਰਦੇ ਹੋਏ ਜਿੱਤ ਦਰਜ ਕੀਤੀ। ਹਾਲਾਂਕਿ ਦੋਵਾਂ ਟੀਮਾਂ ਦਾ ਵਿਰੋਧੀਆਂ ਨੂੰ ਹਰਾਉਣ ਦਾ ਤਰੀਕਾ ਵੱਖ-ਵੱਖ ਰਿਹਾ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਸੀਐੱਸਕੇ ਨੇ ਜਿੱਥੇ ਪੰਜਾਬ ਕਿੰਗਜ਼ ਖ਼ਿਲਾਫ਼ ਸੌਖੀ ਜਿੱਤ ਦਰਜ ਕੀਤੀ ਤਾਂ ਉਥੇ ਰਾਜਸਥਾਨ ਨੇ ਆਖ਼ਰੀ ਓਵਰ ਵਿਚ ਜਿੱਤ ਨਾਲ ਦਿੱਲੀ ਕੈਪੀਟਲਜ਼ ਖ਼ਿਲਾਫ਼ ਦੋ ਅੰਕ ਹਾਸਲ ਕੀਤੇ। ਦੋਵੇਂ ਟੀਮਾਂ ਆਪਣੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਦੂਜੀ ਜਿੱਤ ਦਰਜ ਕਰਨਾ ਚਾਹੁਣਗੀਆਂ। ਦਿੱਲੀ ਕੈਪੀਟਲਜ਼ ਤੋਂ ਸ਼ੁਰੂਆਤੀ ਮੈਚ ਵਿਚ ਸੱਤ ਵਿਕਟਾਂ ਦੀ ਹਾਰ ਤੋਂ ਬਾਅਦ ਸੀਐੱਸਕੇ ਨੇ ਦੀਪਕ ਚਾਹਰ ਦੇ ਪ੍ਰਦਰਸ਼ਨ ਦੀ ਬਦੌਲਤ ਵਾਪਸੀ ਕੀਤੀ। ਚਾਹਰ ਨੇ ਚਾਰ ਵਿਕਟਾਂ ਹਾਸਲ ਕਰ ਕੇ ਪੰਜਾਬ ਕਿੰਗਜ਼ ਦੀ ਬੱਲੇਬਾਜ਼ੀ ਲਾਈਨਅਪ ਨੂੰ ਨਾਕਾਮ ਕਰ ਦਿੱਤਾ ਜਿਸ ਨਾਲ ਟੀਮ ਨੇ ਛੇ ਵਿਕਟਾਂ ਦੀ ਜਿੱਤ ਨਾਲ ਖ਼ਾਤਾ ਖੋਲਿਆ। ਕਪਤਾਨ ਧੋਨੀ ਆਪਣੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਤੋਂ ਖ਼ੁਸ਼ ਹੋਣਗੇ ਕਿਉਂਕਿ ਪਹਿਲੇ ਮੁਕਾਬਲੇ ਵਿਚ ਪਿ੍ਰਥਵੀ ਸ਼ਾਅ ਤੇ ਸ਼ਿਖਰ ਧਵਨ ਨੇ ਉਨ੍ਹਾਂ ਦੇ ਗੇਂਦਬਾਜ਼ਾਂ ਦਾ ਚੰਗਾ ਕੁਟਾਪਾ ਚਾੜਿ੍ਹਆ ਸੀ।

ਬਟਲਰ ਤੇ ਮਿਲਰ ਦੀ ਲੈਅ ਹੋਵੇਗੀ ਅਹਿਮ :

ਰਾਜਸਥਾਨ ਰਾਇਲਜ਼ ਪਹਿਲੇ ਮੈਚ ਵਿਚ ਚਾਰ ਦੌੜਾਂ ਦੀ ਹਾਰ ਤੋਂ ਬਾਅਦ ਦਿੱਲੀ ਕੈਪੀਟਲਜ਼ ਖ਼ਿਲਾਫ਼ ਜਿੱਤ ਨਾਲ ਮਿਲੀ ਲੈਅ ਨੂੰ ਵਧਾਉਣਾ ਚਾਹੇਗਾ। ਕਪਤਾਨ ਸੰਜੂ ਸੈਮਸਨ ਨੇ ਸ਼ੁਰੂਆਤੀ ਮੈਚ ਵਿਚ ਸ਼ਾਨਦਾਰ ਸੈਂਕੜਾ ਲਾਉਣ ਤੋਂ ਬਾਅਦ ਇਕੱਲੇ ਦਮ 'ਤੇ ਲਗਭਗ ਮੈਚ ਜਿਤਵਾ ਹੀ ਦਿੱਤਾ ਸੀ। ਉਨ੍ਹਾਂ ਤੋਂ ਇਲਾਵਾ ਜੋਸ ਬਟਲਰ ਤੇ ਡੇਵਿਡ ਮਿਲਰ ਦੀ ਲੈਅ ਟੂਰਨਾਮੈਂਟ ਵਿਚ ਉਨ੍ਹਾਂ ਦੀ ਲੈਅ ਲਈ ਕਾਫੀ ਅਹਿਮ ਹੋਵੇਗੀ। ਰਾਜਸਥਾਨ ਦੀ ਟੀਮ ਚਾਹੇਗੀ ਕਿ ਉਨ੍ਹਾਂ ਦੇ ਬੱਲੇਬਾਜ਼ ਮਿਲ ਕੇ ਪ੍ਰਦਰਸ਼ਨ ਕਰਨ ਕਿਉਂਕਿ ਦਿੱਲੀ ਖ਼ਿਲਾਫ਼ ਉਨ੍ਹਾਂ ਦੇ ਸਿਖ਼ਰਲੇ ਬੱਲੇਬਾਜ਼ ਜਲਦੀ ਆਊਟ ਹੋ ਗਏ ਸਨ ਇਸ ਤੋਂ ਬਾਅਦ ਮਿਲਰ ਤੇ ਕ੍ਰਿਸ ਮੌਰਿਸ ਨੇ ਉਨ੍ਹਾਂ ਨੂੰ ਜਿੱਤ ਦਿਵਾਈ ਸੀ। ਤਜਰਬੇਕਾਰ ਮੌਰਿਸ ਤੇ ਮੁਸਤਫਿਜੁਰ ਰਹਿਮਾਨ ਅੌਖੇ ਹਾਲਾਤ ਵਿਚ ਅਹਿਮ ਸਾਬਤ ਹੋ ਸਕਦੇ ਹਨ।