ਜੇਐੱਨਐੱਨ, ਨਵੀਂ ਦਿੱਲੀ : ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡੇ ਗਏ ਆਈਪੀਐੱਲ ਦੇ ਮੈਚ ’ਚ ਚੇਨਈ ਸੁਪਰ ਕਿੰਗਜ਼ ਨੇ (ਸੀਐੱਸਕੇ) ਨੇ ਰਾਜਸਥਾਨ ਰਾਇਲਜ਼ ਨੂੰ 45 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਸੀਐੱਸਕੇ ਦੇ ਓਪਨਰ ਫਾਫ ਡੁਪਲੇਸਿਸ ਨੇ ਚੇਨਈ ਸੁਪਰਕਿੰਗਜ਼ (ਸੀਐੱਸਕੇ) ਨੂੰ ਤੇਜ਼ ਸ਼ੁਰੂਆਤ ਦਿੱਤੀ ਪਰ ਉਹ ਪਾਵਰ ਪਲੇਅ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਪੈਵੇਲੀਅਨ ਪਰਤ ਗਏ। ਡੁਪਲੇਸਿਸ ਨੇ 17 ਗੇਂਦਾਂ ’ਤੇ ਚਾਰ ਚੌਕਿਆਂ ਦੇ ਦੋ ਛੱਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ। ਉਨ੍ਹਾਂ ਨਾਲ ਪਾਰੀ ਦੀ ਸ਼ੁਰੂਆਤ ਕਰਨ ਆਏ ਰਿਤੂਰਾਜ ਗਾਇਕਵਾੜ ਕੁਝ ਖਾਸ ਨਹੀਂ ਕਰ ਸਕੇ ਤੇ 10 ਦੌੜਾਂ ਦੇ ਨਿੱਜੀ ਸਕੋਰ ’ਤੇ ਆਊਟ ਹੋ ਗਏ। ਮੋਈਨ ਅਲੀ ਨੇ ਨੰਬਰ ਤਿੰਨ ’ਤੇ ਆ ਕੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ 20 ਗੇਂਦਾਂ ’ਚ 26 ਦੌੜਾਂ ਬਣਾ ਕੇ ਰਾਹੁਲ ਤੇਤਵੀਆ ਦਾ ਸ਼ਿਕਾਰ ਬਣ ਗਏ। ਇਸ ਤੋਂ ਬਾਅਦ ਅੰਬਾਤੀ ਰਾਇਡੂ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਤਿੰਨ ਛੱਕਿਆਂ ਦੀ ਮਦਦ ਨਾਲ 17 ਗੇਂਦਾਂ ’ਤੇ 27 ਦੌੜਾਂ ਬਣਾਈਆਂ। ਉਨ੍ਹਾਂ ਨੂੰ ਚੇਤਨ ਸਕਾਰੀਆ ਨੇ ਰੇਆਨ ਪਰਾਗ ਹੱਥੋਂ ਕੈਚ ਕਰਵਾਇਆ। ਇਸੇ ਓਵਰ ’ਚ ਸਕਾਰੀਆ ਨੇ ਸੁਰੇਸ਼ ਰੈਨਾ ਨੂੰ ਵੀ ਪੈਵੇਲੀਅਨ ਭੇਜ ਦਿੱਤਾ। ਉਨ੍ਹਾਂ 15 ਗੇਂਦਾਂ ’ਚ 18 ਦੌੜਾਂ ਬਣਾਈਆਂ।

ਰਾਜਸਥਾਨ ਰਾਇਲਜ਼ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਚੇਤਨ ਸਕਾਰੀਆ ਨੇ ਆਪਣੇ ਚਾਰ ਓਵਰਾਂ ’ਚ ਸਿਰਫ 36 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਿਸ ’ਚ ਸੀਐੱਸਕੇ ਦੇ ਕਪਤਾਨ ਧੋਨੀ ਦੀ ਵਿਕਟ ਵੀ ਸ਼ਾਮਲ ਹੈ। ਇਸ ਤੋਂ ਬਾਅਦ ਸੀਐੱਸਕੇ ਨੇ ਸੰਭਲ ਕੇ ਖੇਡਣਾ ਹੀ ਸਹੀ ਸਮਝਿਆ ਤੇ ਵਿਚ-ਵਿਚਾਲੇ ਕੁਝ ਹਮਲਿਆਂ ਦੀ ਬਦੌਲਤ ਟੀਮ ਦੇ ਕੁੱਲ ਸਕੋਰ ਨੂੰ 9 ਵਿਕਟਾਂ ’ਚ 188 ਤਕ ਪਹੁੰਚਾਇਆ।

189 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ ’ਤੇ ਉਤਰੀ ਰਾਜਸਥਾਨ ਰਾਇਲਜ਼ ਦੀ ਸ਼ੁਰੂਆਤ ਚੰਗੀ ਰਹੀ ਤੇ ਓਪਨਰ ਜੋਸ ਬਟਲਰ ਨੇ ਸ਼ਾਨਦਾਰ 49 ਦੌੜਾਂ ਬਣਾ ਕੇ ਟੀਮ ਦੀ ਚੰਗੀ ਸ਼ੁਰੂਆਤ ਦੀ ਨੀਂਹ ਰੱਖੀ। ਪਰ ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਵਿਕਟਾਂ ਦੀ ਝੜੀ ਲੱਗ ਗਈ ਤੇ ਕੋਈ ਵੀ ਬੱਲੇਬਾਜ਼ ਮੈਦਾਨ ’ਤੇ ਲੰਬੇ ਸਮੇਂ ਲਈ ਟਿਕ ਨਹੀਂ ਸਕਿਆ। ਸੀਐÎੱਸਕੇ ਵੱਲੋਂ ਮੋਈਨ ਅਲੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ ਓਵਰਾਂ ’ਚ 7 ਦੌੜਾਂ ਦੇ ਤਿੰਨ ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਚਾਰ ਓਵਰਾਂ ’ਚ 28 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਲਗਾਤਾਰ ਵਿਕਟਾਂ ਡਿੱਗਣ ਕਾਰਨ ਰਾਇਲਜ਼ ਦੀ ਟੀਮ ਟੀਚੇ ਤਕ ਨਹੀਂ ਪਹੁੰਚ ਸਕੀ ਤੇ ਟੀਮ ਤੈਅ 20 ਓਵਰਾਂ ’ਚ ਨੌਂ ਵਿਕਟਾਂ ਗੁਆ ਕੇ ਸਿਰਫ 143 ਦੌੜਾਂ ਹੀ ਬਣਾ ਸਕੀ।

Posted By: Susheel Khanna