ਨਵੀਂ ਦਿੱਲੀ (ਜੇਐੱਨਐੱਨ) : ਚੇਨਈ ਸੁਪਰ ਕਿੰਗਜ਼ ਨੇ ਕੁਆਲੀਫਾਇਰ-1 ਦੇ ਮਕਾਬਲੇ ’ਚ ਦਿੱਲੀ ਕੈਪੀਟਲਜ਼ ਦੀ ਟੀਮ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾ ਲਈ ਹੈ ਜਦਕਿ ਹਾਰ ਦੇ ਬਾਵਜੂਦ ਵੀ ਦਿੱਲੀ ਕੈਪੀਟਲਜ਼ ਕੋਲ ਫਾਈਨਲ ’ਚ ਪੁੱਜਣ ਦਾ ਇਕ ਹੋਰ ਮੌਕਾ ਹੋਵੇਗਾ ਜੋ ਏਲੀਮੀਨੇਟਰ ’ਚ ਕੇਕੇਆਰ ਤੇ ਆਰਸੀਬੀ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਭਿੜੇਗੀ ਤੇ ਉਸ ਮੁਕਾਬਲੇ ਵਿਚ ਜਿੱਤ ਹਾਸਲ ਕਰਨ ਵਾਲੀ ਟੀਮ ਫਾਈਨਲ ਵਿਚ ਥਾਂ ਬਣਾਏਗੀ। ਦਿੱਲੀ ਕੈਪੀਟਲਜ਼ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ (60) ਤੇ ਰਿਸ਼ਭ ਪੰਤ (ਅਜੇਤੂ 51) ਨੇ ਦੁਬਈ ’ਚ ਆਈਪੀਐੱਲ ਦੇ ਕੁਆਲੀਫਾਇਰ-1 ਵਿਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਧਮਾਕੇਦਾਰ ਅਰਧ ਸੈਂਕੜੇ ਲਾਏ ਜਿਸ ਦੇ ਦਮ ’ਤੇ ਟੀਮ ਨੇ ਤੈਅ 20 ਓਵਰਾਂ ’ਚ ਪੰਜ ਵਿਕਟਾਂ ’ਤੇ 172 ਦੌੜਾਂ ਦਾ ਸਕੋਰ ਬਣਾਇਆ। ਜਵਾਬ ’ਚ ਚੇਨਈ ਸੁਪਰ ਕਿੰਗਜ਼ ਨੇ ਮੈਨ ਆਫ ਦ ਮੈਚ ਰੁਤੂਰਾਜ ਗਾਇਕਵਾੜ (70) ਤੇ ਰਾਬਿਨ ਉਥੱਪਾ (63) ਦੀਆਂ ਬਿਹਤਰੀਨ ਪਾਰੀਆਂ ਤੋਂ ਬਾਅਦ ਆਖ਼ਰ ਵਿਚ ਧੋਨੀ ਦੀ ਤੇਜ਼ ਛੇ ਗੇਂਦਾਂ ’ਤੇ 18 ਦੌੜਾਂ ਦੀ ਪਾਰੀ ਨਾਲ ਦੋ ਗੇਂਦਾਂ ਬਾਕੀ ਰਹਿੰਦਿਆਂ ਛੇ ਵਿਕਟਾਂ ’ਤੇ 173 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ।

Posted By: Jatinder Singh