ਨਵੀਂ ਦਿੱਲੀ (ਜੇਐੱਨਐੱਨ) : ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਆਬੂਧਾਬੀ ਵਿਚ ਖੇਡੇ ਗਏ ਆਈਪੀਐੱਲ ਮੁਕਾਬਲੇ ਵਿਚ ਮੁੰਬਈ ਇੰਡੀਅਨਜ਼ ਨੇ 48 ਦੌੜਾਂ ਨਾਲ ਜਿੱਤ ਹਾਸਲ ਕੀਤੀ। ਟਾਸ ਹਾਰ ਕੇ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ 'ਚ ਚਾਰ ਵਿਕਟਾਂ 'ਤੇ 191 ਦੌੜਾਂ ਬਣਾਈਆਂ। ਮੁੰਬਈ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡਿਕਾਕ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ। ਸੁਰਿਆ ਕੁਮਾਰ ਯਾਦਵ ਵੀ 10 ਦੌੜਾਂ ਬਣਾ ਕੇ ਪਵੇਲੀਅਨ ਮੁੜ ਗਏ। ਉਸ ਤੋਂ ਬਾਅਦ ਰੋਹਿਤ ਸ਼ਰਮਾ ਨੇ 45 ਗੇਂਦਾਂ 'ਤੇ 70 ਦੌੜਾਂ ਦੀ ਪਾਰੀ ਖੇਡੀ। ਮੁੰਬਈ ਇੰਡੀਅਨਜ਼ ਦੀ ਪਾਰੀ ਦੇ ਅੰਤ ਵਿਚ ਕਿਰੋਨ ਪੋਲਾਰਡ ਤੇ ਹਾਰਦਿਕ ਪਾਂਡਿਆ ਨੇ ਤੇਜ਼ ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤ ਸਕੋਰ ਤਕ ਪਹੁੰਚਾਇਆ। ਜਵਾਬ ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ 20 ਓਵਰਾਂ 'ਚ ਅੱਠ ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ।