ਨਵੀਂ ਦਿੱਲੀ, ਜੇਐੱਨਐੱਨ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਸਭ ਤੋਂ ਸਫ਼ਲ ਟੀਮਾਂ 'ਚੋਂ ਇਕ ਚੇਨਈ ਸੁਪਰ ਕਿੰਗਸ (ਸੀਐੱਸਕੇ) ਨੂੰ 13ਵੇਂ ਐਡੀਸ਼ਨ ਦੀਆਂ ਤਿਆਰੀਆਂ ਕਰਨੀਆਂ ਹਨ ਪਰ ਸੀਐੱਸਕੇ ਦੇ ਤਿਆਰੀ ਅਭਿਆਨ ਨੂੰ ਵੱਡਾ ਝਟਕਾ ਲੱਗਾ ਹੈ। ਚੇਨਈ ਸੁਪਰ ਕਿੰਗਸ ਦੀ ਟੀਮ 'ਚ ਸ਼ਾਮਲ ਵਿਦੇਸ਼ੀ ਖਿਡਾਰੀ ਟ੍ਰੇਨਿੰਗ ਕੈਂਪ ਦਾ ਹਿੱਸਾ ਨਹੀਂ ਹੋਣਗੇ। ਨਾ ਤਾਂ ਉਹ ਚੇਨਈ 'ਚ ਕਰਵਾਏ ਜਾਣ ਵਾਲੇ ਇਕ ਛੋਟੇ ਕੈਂਪ ਦਾ ਹਿੱਸਾ ਹੋ ਸਕਣਗੇ ਤੇ ਨਾ ਹੀ ਉਹ ਸੰਯੁਕਤ ਅਰਬ ਅਮੀਰਾਤ ਭਾਵ ਯੂਏਈ 'ਚ ਟੂਰਨਾਮੈਂਟ ਤੋਂ ਪਹਿਲਾਂ ਹੋਣ ਵਾਲੀ ਪ੍ਰੈਕਟਿਸ ਕੈਂਪ ਦਾ ਹਿੱਸਾ ਹੋਣਗੇ।

ਤਿੰਨ ਬਾਰ ਦੀ ਆਈਪੀਐੱਲ ਚੈਂਪੀਅਨ ਟੀਮ ਸੀਐੱਸਕੇ ਟੁਰਨਾਮੈਂਟ ਦੇ ਆਗਾਮੀ ਐਡੀਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਟ੍ਰੇਨਿੰਗ ਕੈਂਪ ਦਾ ਸੰਚਾਲਨ ਕਰਨ 'ਚ ਰੁਕਾਵਟ ਮਹਿਸੂਸ ਕਰ ਸਕਦੀ ਹੈ। ਦੱਖਣੀ ਅਫਰੀਕਾ ਦੇ ਹਾਲ ਹੀ 'ਚ ਘਟਨਾਕਰਮ ਅਨੁਸਾਰ ਫਾਲ ਡੂ ਪਲੇਸਿਸ ਤੇ ਲੂੰਗੀ ਐਨਗਿਡੀ ਦੇ ਸੰਯੁਕਤ ਅਰਬ ਅਮੀਰਾਤ 'ਚ ਦੇਰ ਨਾਲ ਸੀਐੱਸਕੇ ਟੀਮ 'ਚ ਸ਼ਾਮਲ ਹੋਣ ਦੀ ਉਮੀਦ ਹੈ। ਸਾਊਥ ਅਫਰੀਕਾ ਦੇ ਖਿਡਾਰੀਆਂ ਤੋਂ ਇਲਾਵਾ ਕਈ ਹੋਰ ਵਿਦੇਸ਼ੀ ਖਿਡਾਰੀ ਵੀ ਦੇਰ ਨਾਲ ਸੀਐੱਸਕੇ ਕੈਂਪ ਦਾ ਹਿੱਸਾ ਹੋ ਸਕਦੇ ਹਨ।

ਆਈਪੀਐੱਲ ਦੀਆਂ ਵੱਖ-ਵੱਖ ਟੀਮਾਂ 'ਚ ਸ਼ਾਮਲ ਆਸਟਰੇਲੀਆਈ ਤੇ ਇੰਗਲੈਂਡ ਦੇ ਖਿਡਾਰੀ ਅੰਤਰਰਾਸ਼ਟਰੀ ਪਾਬੰਦੀ ਕਾਰਨ ਸਤੰਬਰ 'ਚ ਯੂਏਈ ਪਹੁੰਚਣਗੇ ਕਿਉਂਕਿ ਇੰਗਲੈਂਡ ਤੇ ਆਸਟਰੇਲੀਆ 'ਚ ਸਤੰਬਰ 'ਚ 3-3 ਮੈਚਾਂ ਦੀ ਵਨਡੇ ਤੇ ਟੀ20 ਸੀਰੀਜ਼ ਖੇਡੀ ਜਾਵੇਗੀ। ਦੱਸਣਯੋਗ ਹੈ ਕਿ ਚੇਨਈ ਸੁਪਰ ਕਿੰਗਸ ਦਾ ਸ਼ੁਰੂਆਤੀ ਫਿਟਨੈਸ ਕੈਂਪ 15 ਭਾਰਤੀ ਖਿਡਾਰੀਆਂ ਦੀ ਹਾਜ਼ਰੀ 'ਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ 'ਚ ਕਰਵਾਇਆ ਜਾਵੇਗਾ, ਜਿਸ ਦਾ ਆਗਾਜ਼ 15 ਅਗਸਤ ਤੋਂ ਹੋਣਾ ਹੈ।

Posted By: Rajnish Kaur