ਲਖਨਊ (ਪੀਟੀਆਈ) : ਦੱਖਣੀ ਅਫਰੀਕਾ ਦੇ ਹਰਫ਼ਨਮੌਲਾ ਡਵੇਨ ਪ੍ਰੀਟੋਰੀਅਸ ਖੱਬੇ ਅੰਗੂਠੇ ਵਿਚ ਫਰੈਕਚਰ ਕਾਰਨ ਭਾਰਤ ਖ਼ਿਲਾਫ਼ ਅਗਲੀ ਵਨ ਡੇ ਸੀਰੀਜ਼ ਨਹੀਂ ਖੇਡ ਸਕਣਗੇ ਤੇ ਅਗਲੇ ਟੀ-20 ਵਿਸ਼ਵ ਕੱਪ ’ਚੋਂ ਵੀ ਬਾਹਰ ਹੋ ਗਏ ਹਨ। ਪਿਛਲੇ ਸਾਲ ਟੀ-20 ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਲਈ ਸੰਯੁਕਤ ਰੂਪ ਨਾਲ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਪ੍ਰੀਟੋਰੀਅਸ ਨੂੰ ਇੰਦੌਰ ਵਿਚ ਭਾਰਤ ਖ਼ਿਲਾਫ਼ ਤੀਜੇ ਟੀ-20 ਮੈਚ ਦੌਰਾਨ ਸੱਟ ਲੱਗੀ। ਉਨ੍ਹਾਂ ਨੇ 26 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ ਤੇ ਦੱਖਣੀ ਅਫਰੀਕਾ ਨੇ ਮੈਚ 49 ਦੌੜਾਂ ਨਾਲ ਜਿੱਤਿਆ ਸੀ। ਸੀਐੱਸਏ ਦੇ ਮੁੱਖ ਮੈਡੀਕਲ ਅਧਿਕਾਰੀ ਸ਼ੁਏਬ ਮਾਂਜਰਾ ਨੇ ਕਿਹਾ ਕਿ ਅਜਿਹੀ ਸੱਟ ਵਿਚ ਸਰਜਰੀ ਦੀ ਲੋੜ ਪੈਂਦੀ ਹੈ। ਡਵੇਨ ਦੱਖਣੀ ਅਫਰੀਕਾ ਕ੍ਰਿਕਟ ਦੇ ਮਾਹਿਰ ਡਾਕਟਰ ਤੋਂ ਸਲਾਹ ਲਵੇਗਾ। ਪ੍ਰੀਟੋਰੀਅਸ ਨੇ 2022 ਵਿਚ ਅੱਠ ਟੀ-20 ਮੈਚ ਖੇਡ ਕੇ 12 ਵਿਕਟਾਂ ਲਈਆਂ ਹਨ। ਉਨ੍ਹਾਂ ਦੀ ਥਾਂ ਮਾਰਕੋ ਜੇਨਸੇਨ ਨੂੰ ਦੱਖਣੀ ਅਫਰੀਕੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।

Posted By: Gurinder Singh