ਪੱਲੇਕਲ (ਪੀਟੀਆਈ) : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਗੇਂਦ ਤੇ ਬੱਲੇ ਨਾਲ ਦਬਦਬਾ ਬਣਾਉਂਦੇ ਹੋਏ ਸੋਮਵਾਰ ਨੂੰ ਦੂਜੇ ਵਨ ਡੇ ਵਿਚ ਸ੍ਰੀਲੰਕਾ 10 ਵਿਕਟਾਂ ਨਾਲ ਦਰੜ ਕੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਭਾਰਤੀ ਗੇਂਦਬਾਜ਼ਾਂ ਨੇ ਸ੍ਰੀਲੰਕਾ ਨੂੰ 50 ਓਵਰਾਂ ਵਿਚ 173 ਦੌੜਾਂ 'ਤੇ ਆਊਟ ਕਰ ਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ। ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੇ 28 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਦੀਪਤੀ ਸ਼ਰਮਾ (2/30) ਤੇ ਮੇਘਨਾ ਸਿੰਘ (2/43) ਨੇ ਵੀ ਵਿਕਟਾਂ ਲਈਆਂ। ਭਾਰਤ ਦੀਆਂ ਸਲਾਮੀ ਬੱਲੇਬਾਜ਼ਾਂ ਨੇ ਦੌਰੇ 'ਤੇ ਪਹਿਲੀ ਵਾਰ ਇਕੱਠੇ ਚੰਗਾ ਪ੍ਰਦਰਸ਼ਨ ਕਰਦੇ ਹੋਏ 174 ਦੌੜਾਂ ਦੀ ਅਟੁੱਟ ਭਾਈਵਾਲੀ ਕੀਤੀ ਜਿਸ ਨਾਲ ਭਾਰਤ ਨੇ 25.4 ਓਵਰਾਂ ਵਿਚ ਹੀ ਟੀਚਾ ਹਾਸਲ ਕਰ ਲਿਆ। ਮੰਧਾਨਾ ਤੇ ਸ਼ੇਫਾਲੀ ਦੀ ਇਹ ਭਾਈਵਾਲੀ ਸ੍ਰੀਲੰਕਾ ਖ਼ਿਲਾਫ਼ ਭਾਰਤ ਦੀ ਕਿਸੇ ਵੀ ਵਿਕਟ ਲਈ ਸਰਬੋਤਮ ਭਾਈਵਾਲੀ ਹੈ। ਇਸ ਨਾਲ ਹੀ ਸਮਿ੍ਤੀ ਮੰਧਾਨਾ (83 ਗੇਂਦਾਂ ਵਿਚ ਅਜੇਤੂ 94) ਤੇ ਸ਼ੇਫਾਲੀ ਵਰਮਾ (71 ਗੇਂਦਾਂ ਵਿਚ ਅਜੇਤੂ 71) ਦੀ ਜੋੜੀ ਨਿੰਦਾ ਕਰਨ ਵਾਲਿਆਂ ਨੂੰ ਜਵਾਬ ਦੇਣ ਵਿਚ ਕਾਮਯਾਬ ਰਹੀ। ਪਹਿਲਾ ਵਨ ਡੇ ਆਸਾਨੀ ਨਾਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੂਜੇ ਵਨ ਡੇ ਵਿਚ ਵੀ ਮੁੱਖ ਦਾਅਵੇਦਾਰ ਦੇ ਰੂਪ ਵਿਚ ਉਤਰੀ ਸੀ। ਟਾਸ ਜਿੱਤ ਕੇ ਭਾਰਤੀ ਕਪਤਾਨ ਹਰਮਨਪ੍ਰਰੀਤ ਕੌਰ ਨੇ ਗੇਂਦਬਾਜ਼ਾਂ ਦੇ ਮੁਤਾਬਕ ਪਿੱਚ 'ਤੇ ਸ੍ਰੀਲੰਕਾ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ।

ਮੇਜ਼ਬਾਨ ਟੀਮ ਪਾਰੀ ਦੀ ਸ਼ੁਰੂਆਤ ਵਿਚ ਹੀ ਮੁਸ਼ਕਲਾਂ ਵਿਚ ਆ ਗਈ। ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੇ ਸਟੀਕ ਲਾਈਨ ਤੇ ਲੈਂਥ ਨਾਲ ਗੇਂਦਬਾਜ਼ੀ ਕਰਦੇ ਹੋਏ ਕਰੀਅਰ ਦਾ ਸਰਬੋਤਮ ਪ੍ਰਦਰਸ਼ਨ ਕੀਤਾ। ਰੇਣੂਕਾ ਨੇ ਸ਼ੁਰੂਆਤੀ ਤਿੰਨ ਵਿਕਟਾਂ ਹਾਸਲ ਕਰ ਕੇ ਸ੍ਰੀਲੰਕਾ ਦੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਜਲਦ ਆਊਟ ਕੀਤਾ। ਹੇਠਲੇ ਨੰਬਰ ਦੀ ਬੱਲੇਬਾਜ਼ ਅਮਾ ਕੰਚਨਾ ਨੇ 83 ਗੇਂਦਾਂ ਵਿਚ ਅਜੇਤੂ 47 ਦੌੜਾਂ ਦੀ ਪਾਰੀ ਖੇਡ ਕੇ ਟੀਮ ਦਾ ਸਕੋਰ 150 ਦੌੜਾਂ ਤੋਂ ਪਾਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਤਜਰਬੇਕਾਰ ਆਫ ਸਪਿੰਨਰ ਦੀਪਤੀ ਨੇ ਆਖ਼ਰੀ ਦੋ ਗੇਂਦਾਂ 'ਤੇ ਦੋ ਵਿਕਟਾਂ ਹਾਸਲ ਕਰ ਕੇ ਸ੍ਰੀਲੰਕਾ ਦੀ ਪਾਰੀ ਨੂੰ ਸਮੇਟਿਆ।

Posted By: Gurinder Singh