ਮਕਾਏ (ਆਈਏਐੱਨਐੱਸ) : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅਗਲੇ ਹਫ਼ਤੇ ਤੋਂ ਆਸਟ੍ਰੇਲੀਆ ਖ਼ਿਲਾਫ਼ ਸ਼ੁਰੂ ਹੋਣ ਵਾਲੀ ਤਿੰਨ ਫਾਰਮੈਟਾਂ ਦੀ ਸੀਰੀਜ਼ ਨੂੰ ਦੇਖਦੇ ਹੋਏ ਅਭਿਆਸ ਸ਼ੁਰੂ ਕਰ ਦਿੱਤਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿਲਾ ਟੀਮ ਦੇ ਵਾਰਮ-ਅਪ ਕਰਦੇ ਹੋਏ ਫੋਟੋ ਪੋਸਟ ਕੀਤੀ ਤੇ ਲਿਖਿਆ ਕਿ ਸੀਰੀਜ਼ ਨੂੰ ਦੇਖਦੇ ਹੋਏ ਤਿਆਰੀ ਸ਼ੁਰੂ। ਭਾਰਤੀ ਮਹਿਲਾ ਟੀਮ 21, 24 ਤੇ 26 ਸਤੰਬਰ ਨੂੰ ਮਕਾਏ ਦੇ ਹਾਰੂਪ ਪਾਰਕ ਵਿਚ ਤਿੰਨ ਵਨ ਡੇ ਮੁਕਾਬਲੇ ਖੇਡੇਗੀ। ਵਨ ਡੇ ਸੀਰੀਜ਼ ਤੋਂ ਬਾਅਦ ਟੀਮ ਕਵੀਨਜ਼ਲੈਂਡ ਦੇ ਕਾਰਾਰਾ ਓਵਲ ਵਿਚ 30 ਸਤੰਬਰ ਤੋਂ ਤਿੰਨ ਅਕਤੂਬਰ ਤਕ ਇੱਕੋ ਇਕ ਟੈਸਟ ਮੈਚ ਖੇਡੇਗੀ। ਦੌਰੇ ਦੇ ਅੰਤ ਵਿਚ ਭਾਰਤੀ ਮਹਿਲਾ ਟੀਮ ਸੱਤ, ਨੌਂ ਤੇ 10 ਅਕਤੂਬਰ ਨੂੰ ਤਿੰਨ ਟੀ-20 ਮੈਚ ਖੇਡੇਗੀ। ਭਾਰਤੀ ਮਹਿਲਾ ਕ੍ਰਿਕਟ ਟੀਮ ਪਿਛਲੇ ਦਿਨੀਂ ਇੰਗਲੈਂਡ ਦਾ ਦੌਰਾ ਕਰ ਕੇ ਮੁੜੀ ਸੀ। ਦੋਵਾਂ ਟੀਮਾਂ ਵਿਚਾਲੇ ਇੱਕੋ ਇਕ ਟੈਸਟ ਡਰਾਅ ਰਿਹਾ ਸੀ ਜਦਕਿ ਇੰਗਲੈਂਡ ਨੇ ਵਨ ਡੇ ਤੇ ਟੀ-20 ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ ਸੀ।

ਟੀਮ 'ਚ ਕਾਫੀ ਸੁਧਾਰ ਹੋਇਆ : ਮੰਧਾਨਾ

ਭਾਰਤੀ ਬੱਲੇਬਾਜ਼ ਸਮਿ੍ਤੀ ਮੰਧਾਨਾ ਨੇ ਕਿਹਾ ਕਿ ਪਿਛਲੇ ਸਾਲ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਆਸਟ੍ਰੇਲੀਆ ਹੱਥੋਂ ਮਿਲੀ ਹਾਰ ਤੋਂ ਬਾਅਦ ਟੀਮ ਦੇ ਪ੍ਰਦਰਸ਼ਨ ਵਿਚ ਕਾਫੀ ਸੁਧਾਰ ਆਇਆ ਹੈ ਤੇ ਇੱਥੇ ਅਗਲੀ ਸੀਰੀਜ਼ ਦੌਰਾਨ ਉਹ ਕਾਫੀ ਪ੍ਰਤੀਯੋਗੀ ਕ੍ਰਿਕਟ ਖੇਡਣਗੇ। ਮੰਧਾਨਾ ਨੇ ਕਿਹਾ ਕਿ ਕੋਰੋਨਾ ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਅਦ ਵੱਡੀ ਬ੍ਰੇਕ ਹੋ ਗਈ। ਕੁੜੀਆਂ ਨੇ ਆਪਣੀ ਖੇਡ ਬਾਰੇ ਹੋਰ ਸਮਿਝਆ ਤੇ ਕਮੀਆਂ ਨੂੰ ਠੀਕ ਕਰਕੇ ਮਜ਼ਬੂਤੀ ਨਾਲ ਵਾਪਸੀ ਕੀਤੀ। ਪੂਰੀ ਟੀਮ ਨੇ ਆਪਣੀ ਫਿਟਨੈੱਸ ਤੇ ਯੋਗਤਾ 'ਤੇ ਕੰਮ ਕੀਤਾ ਹੈ। ਅਸੀਂ ਲਗਾਤਾਰ ਮੈਚ ਖੇਡਣ ਦੀ ਲੈਅ 'ਚ ਮੜ ਰਹੇ ਹਾਂ। ਉਮੀਦ ਹੈ ਕਿ ਇਹ ਸੀਰੀਜ਼ ਚੰਗੀ ਹੋਵੇਗੀ। ਮੰਧਾਨਾ ਨੇ ਕਿਹਾ ਕਿ ਆਸਟ੍ਰੇਲੀਆ ਖ਼ਿਲਾਫ਼ ਸੀਰੀਜ਼ ਹਮੇਸ਼ਾ ਪ੍ਰਤੀਯੋਗੀ ਹੁੰਦੀ ਹੈ ਤੇ ਭਾਰਤੀ ਟੀਮ ਨੂੰ ਇੱਥੇ ਦੀਆਂ ਪਿੱਚਾਂ 'ਤੇ ਬੱਲੇਬਾਜ਼ੀ ਕਰਨ ਵਿਚ ਮਜ਼ਾ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਸਟ੍ਰੇਲੀਆ ਖ਼ਿਲਾਫ਼ ਖੇਡਣਾ ਪਸੰਦ ਹੈ ਕਿਉਂਕਿ ਉਹ ਦੁਨੀਆਂ ਦੀਆਂ ਸਰਬੋਤਮ ਟੀਮਾਂ ਵਿਚੋਂ ਇਕ ਹੈ ਤੇ ਕਾਫੀ ਪ੍ਰਤੀਯੋਗੀ ਕ੍ਰਿਕਟ ਖੇਡਦੀ ਹੈ। ਦੋਵੇਂ ਟੀਮਾਂ ਸ਼ਨਿਚਰਵਾਰ ਨੂੰ ਅਭਿਆਸ ਮੈਚ ਖੇਡਣਗੀਆਂ।