ਮੈਲਬੌਰਨ (ਏਜੰਸੀ) : ਕ੍ਰਿਕਟ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਕੇਵਿਨ ਰਾਬਰਟਸ ਨੇ ਕਿਹਾ ਹੈ ਕਿ ਭਾਰਤੀ ਟੀਮ ਦੇ ਇਸ ਸਾਲ ਦੇ ਆਖ਼ਰ ਵਿਚ ਚਾਰ ਟੈਸਟ ਮੈਚਾਂ ਦੀ ਸੀਰੀਜ਼ ਲਈ ਆਸਟ੍ਰੇਲੀਆ ਦਾ ਦੌਰਾ ਕਰਨ ਦੀ 90 ਫ਼ੀਸਦੀ ਸੰਭਾਵਨਾ ਹੈ। ਕ੍ਰਿਕਟ ਆਸਟ੍ਰੇਲੀਆ ਇਸ ਸਮੇਂ ਕਾਫੀ ਆਰਥਕ ਦਬਾਅ ਵਿਚ ਹੈ ਤੇ ਉਸ ਨੂੰ ਹਰ ਹਾਲਤ ਵਿਚ ਇਸ ਸੀਰੀਜ਼ ਦੀ ਲੋੜ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਉਸ ਨੂੰ ਆਪਣੇ 80 ਫ਼ੀਸਦੀ ਸਟਾਫ ਨੂੰ ਜੂਨ ਤਕ 20 ਫ਼ੀਸਦੀ ਤਨਖ਼ਾਹ 'ਤੇ ਰੱਖਣਾ ਪੈ ਰਿਹਾ ਹੈ। ਇਹ ਸੀਰੀਜ਼ ਅਕਤੂਬਰ ਤੋਂ ਜਨਵਰੀ 2021 ਵਿਚਾਲੇ ਖੇਡੀ ਜਾਵੇਗੀ। ਰਾਬਰਟਸ ਨੇ ਕਿਹਾ ਕਿ ਅੱਜਕੱਲ੍ਹ ਕੁਝ ਵੀ ਯਕੀਨੀ ਨਹੀਂ ਹੈ। ਮੈਂ ਇਹ ਨਹੀਂ ਕਹਾਂਗਾ ਕਿ ਦੌਰੇ ਦੀ ਸੰਭਾਵਨਾ ੱਸ ਵਿਚੋਂ ਦਸ ਹੈ ਪਰ ਦਸ ਵਿਚੋਂ ਨੌਂ ਜ਼ਰੂਰ ਹੈ। ਰਾਬਰਟਸ ਨੇ ਕਿਹਾ ਕਿ ਅਸੀਂ ਆਪਣੇ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਾਂਗੇ। ਅਸੀਂ ਦੇਖਦੇ ਹਾਂ ਕਿ ਵੈਸਟਇੰਡੀਜ਼ ਤੇ ਪਾਕਿਸਤਾਨ ਦਾ ਇੰਗਲੈਂਡ ਦੌਰਾ ਕਿਵੇਂ ਰਹਿੰਦਾ ਹੈ। ਉਮੀਦ ਹੈ ਕਿ ਕੋਈ ਪਰੇਸ਼ਾਨੀ ਨਹੀਂ ਹੋਵੇਗੀ।