ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਦੌਰੇ ’ਤੇ ਸੀਰੀਜ਼ ਤੋਂ ਪਹਿਲਾਂ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਟੀਮ ਇੰਡੀਆ ਦੇ ਖਿਡਾਰੀ ਮੈਦਾਨ ’ਤੇ ਪਸੀਨਾ ਵਹਾਉਂਦੇ ਨਜ਼ਰ ਆਏ। 28 ਜੂਨ ਨੂੰ ਟੀਮ ਇੰਡੀਆ ਨੇ ਸ਼੍ਰੀਲੰਕਾ ਲਈ ਉਡਾਣ ਭਰੀ ਸੀ। ਵੀਰਵਾਰ ਨੂੰ ਟੀਮ ਦਾ ਕੁਆਰੰਟਾਈਨ ਖ਼ਤਮ ਹੋਇਆ ਅਤੇ ਕਪਤਾਨ ਸਮੇਤ ਟੀਮ ਦੇ ਸਾਰੇ ਖਿਡਾਰੀ ਆਪਣੀ ਪਹਿਲੀ ਪ੍ਰੈਕਟਿਸ ਲਈ ਮੈਦਾਨ ’ਤੇ ਨਜ਼ਰ ਆਏ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਪ੍ਰੈਕਟਿਸ ਦੀਆਂ ਤਸਵੀਰਾਂ ਨੂੰ ਫੈਨਜ਼ ਨਾਲ ਸਾਂਝਾ ਕੀਤਾ।

ਸ਼੍ਰੀਲੰਕਾ ਦੌਰੇ ’ਤੇ ਗਈ ਭਾਰਤੀ ਟੀਮ ਨੇ ਆਪਣੀ ਪਹਿਲੀ ਪ੍ਰੈਕਟਿਸ ਸ਼ੁੱਕਰਵਾਰ ਨੂੰ ਕੀਤੀ। ਬੀਸੀਸੀਆਈ ਨੇ ਟੀਮ ਇੰਡੀਆ ਦੇ ਖਿਡਾਰੀਆਂ ਦੇ ਵਾਰਮ-ਅਪ ਅਤੇ ਫਿਰ ਪ੍ਰੈਕਟਿਸ ਦੀ ਤਸਵੀਰ ਜਾਰੀ ਕੀਤੀ ਹੈ। ਇਨ੍ਹਾਂ ਤਸਵੀਰਾਂ ’ਚ ਸਪਿੰਨਰ ਯੁਜਵੇਂਦਰ ਚਹਿਲ ਅਤੇ ਕੁਲਦੀਪ ਯਾਦਵ ਦੇ ਨਾਲ ਕਈ ਨੌਜਵਾਨ ਖਿਡਾਰੀ ਦੌੜ੍ਹ ਲਗਾਉਂਦੇ ਨਜ਼ਰ ਆ ਰਹੇ ਹਨ। ਉਥੇ ਹੀ ਇਕ ਤਸਵੀਰ ’ਚ ਨਵੇਂ ਕੋਚ ਸ਼ਿਖਰ ਧਵਨ ਇਸ ਦੌਰੇ ’ਤੇ ਕੋਚ ਦੀ ਭੂਮਿਕਾ ਨਿਭਾ ਰਹੇ ਰਾਹੁਲ ਦ੍ਰਾਵਿੜ ਨਾਲ ਚਰਚਾ ਕਰਦੇ ਨਜ਼ਰ ਆ ਰਹੇ ਹਨ।

ਭਾਰਤੀ ਕ੍ਰਿਕਟ ਟੀਮ ਲਿਮਟਿਡ ਓਵਰ ਦੀ ਸੀਰੀਜ਼ ਖੇਡਣ ਲਈ ਸ਼੍ਰੀਲੰਕਾ ਪਹੁੰਚੀ ਹੈ। ਇਸ ਦੌਰੇ ’ਤੇ ਟੀਮ ਇੰਡੀਆ ਤਿੰਨ ਵਨਡੇ ਅਤੇ ਫਿਰ ਇੰਨੇ ਹੀ ਟੀ20 ਮੈਚਾਂ ਦੀ ਸੀਰੀਜ਼ ਖੇਡੇਗੀ। ਇਸ ਸਮੇਂ ਭਾਰਤ ਦਾ ਇਕ ਦਲ ਇੰਗਲੈਂਡ ਦੇ ਦੌਰੇ ’ਤੇ ਹੈ ਜਿਥੇ ਸੀਨੀਅਰ ਖਿਡਾਰੀ ਮੌਜੂਦ ਹਨ। ਸ਼੍ਰੀਲੰਕਾ ਦੇ ਦੌਰੇ ’ਤੇ ਕਈ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ। ਸ਼ਿਖ਼ਰ ਧਵਨ ਨੂੰ ਪਹਿਲੀ ਵਾਰ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ ਹੈ ਜਦਕਿ ਐੱਨਸੀਏ ਦੇ ਡਾਇਰੈਕਟਰ ਰਾਹੁਲ ਦ੍ਰਾਵਿੜ ਨੂੰ ਟੀਮ ਦੇ ਮੁੱਖ ਕੋਚ ਦੀ ਭੂਮਿਕਾ ’ਚ ਸ਼੍ਰੀਲੰਕਾ ਭੇਜਿਆ ਗਿਆ ਹੈ।

Posted By: Ramanjit Kaur