ਦੁਬਈ (ਪੀਟੀਆਈ) : ਸ੍ਰੀਲੰਕਾ ਖ਼ਿਲਾਫ਼ ਪਿਛਲੇ ਦਿਨੀਂ ਸਮਾਪਤ ਹੋਈ ਟੀ-20 ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਦੀ ਖੱਬੇ ਹੱਥ ਦੀ ਸਪਿੰਨਰ ਰਾਧਾ ਯਾਦਵ ਆਈਸੀਸੀ ਮਹਿਲਾ ਟੀ-20 ਖਿਡਾਰੀਆਂ ਦੀ ਰੈਂਕਿੰਗ ਵਿਚ 13ਵੇਂ ਸਥਾਨ ’ਤੇ ਪੁੱਜ ਗਈ ਹੈ। ਆਈਸੀਸੀ ਵੱਲੋਂ ਜਾਰੀ ਨਵੀਂ ਰੈਂਕਿੰਗ ਮੁਤਾਬਕ, ਸ੍ਰੀਲੰਕਾ ਖ਼ਿਲਾਫ਼ ਸੀਰੀਜ਼ ’ਚ ਚਾਰ ਵਿਕਟਾਂ ਹਾਸਲ ਕਰਨ ਤੋਂ ਬਾਅਦ ਰਾਧਾ ਗੇਂਦਬਾਜ਼ਾਂ ਦੀ ਸੂਚੀ ਵਿਚ ਸੱਤ ਸਥਾਨ ਅੱਗੇ ਵਧ ਕੇ 13ਵੇਂ ਸਥਾਨ ’ਤੇ ਪੁੱਜ ਗਈ ਹੈ। ਭਾਰਤ ਨੇ ਤਿੰਨ ਮੈਚਾਂ ਦੀ ਇਸ ਸੀਰੀਜ਼ ਨੂੰ 2-1 ਨਾਲ ਜਿੱਤਿਆ ਸੀ।

ਬੱਲੇਬਾਜ਼ਾਂ ਦੀ ਸੂਚੀ ਵਿਚ ਸ੍ਰੀਲੰਕਾ ਦੀ ਕਪਤਾਨ ਚਾਮਾਰੀ ਅਟਾਪੱਟੂ ਤਿੰਨ ਮੈਚਾਂ ਵਿਚ 139 ਦੌੜਾਂ ਬਣਾ ਕੇ ਕਰੀਅਰ ਦੇ ਸਰਬੋਤਮ ਸੱਤਵੇਂ ਸਥਾਨ ’ਤੇ ਪੁੱਜ ਗਈ ਹੈ। ਉਨ੍ਹਾਂ ਨੇ ਦਾਂਬੁਲਾ ਵਿਚ ਆਖ਼ਰੀ ਟੀ-20 ਵਿਚ ਅਜੇਤੂ 80 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ। ਉਹ ਹਰਫ਼ਨਮੌਲਾ ਦੀ ਸੂਚੀ ਵਿਚ ਵੀ ਦੋ ਸਥਾਨ ਦੇ ਸੁਧਾਰ ਨਾਲ ਸੱਤਵੇਂ ਸਥਾਨ ’ਤੇ ਪੁੱਜ ਗਈ ਹੈ। ਭਾਰਤ ਦੀ ਸਮਿ੍ਰਤੀ ਮੰਧਾਨਾ (ਚੌਥੇ), ਜੇਮੀਮਾ ਰਾਡਰਿਗਜ਼ (14ਵੇਂ) ਤੇ ਕਪਤਾਨ ਹਰਮਨਪ੍ਰੀਤ ਕੌਰ (18ਵੇਂ) ਨੇ ਬੱਲੇਬਾਜ਼ਾਂ ਦੀ ਸੂਚੀ ’ਚ ਆਪਣੇ ਸਥਾਨ ਕਾਇਮ ਰੱਖੇ ਹਨ।

ਰੈਂਕਿੰਗ ਵਿਚ ਅੱਗੇ ਵਧਣ ਵਾਲੀ ਹੋਰ ਭਾਰਤੀ ਗੇਂਦਬਾਜ਼ ਪੂਜਾ ਵਸਤ੍ਰਕਾਰ ਹੈ, ਜੋ 30 ਸਥਾਨ ਉੱਪਰ ਚੜ੍ਹ ਕੇ 32ਵੇਂ ਸਥਾਨ ’ਤੇ ਪੁੱਜ ਗਈ ਹੈ। ਰੇਣੂਕਾ ਠਾਕੁਰ 83 ਸਥਾਨ ਦੀ ਛਾਲ ਲਾ ਕੇ 97ਵੇਂ ਸਥਾਨ ’ਤੇ ਪੁੱਜ ਗਈ ਹੈ। ਵਸਤ੍ਰਕਾਰ ਤੇ ਰੇਣੂਕਾ ਨੇ ਟੀ-20 ਸੀਰੀਜ਼ ਵਿਚ ਦੋ-ਦੋ ਵਿਕਟਾਂ ਲਈਆਂ। ਇਸ ਵਿਚਾਲੇ ਸ੍ਰੀਲੰਕਾ ਦੀ ਅਨੁਸ਼ਕਾ ਸੰਜੀਵਨੀ ਬੱਲੇਬਾਜ਼ਾਂ ’ਚ ਚਾਰ ਸਥਾਨ ਉੱਪਰ 60ਵੇਂ ਸਥਾਨ ’ਤੇ ਪੁੱਜ ਗਈ ਹੈ। ਟੀਮ ਦੀ ਸਪਿੰਨਰ ਓਸ਼ਾਦੀ ਰਣਸਿੰਘੇ (11 ਸਥਾਨ ਦੇ ਫ਼ਾਇਦੇ ਨਾਲ 26ਵੇਂ), ਸੁਗੰਧਿਕਾ ਕੁਮਾਰੀ (ਨੌਂ ਸਥਾਨ ਦੇ ਫ਼ਾਇਦੇ ਨਾਲ 40ਵੇਂ ਸਥਾਨ ’ਤੇ), ਤੇ ਇਨੋਕਾ ਰਣਵੀਰਾ (16 ਸਥਾਨ ਦੇ ਸੁਧਾਰ ਨਾਲ 47ਵੇਂ) ਨੇ ਵੀ ਆਪਣੀ ਰੈਂਕਿੰਗ ਵਿਚ ਸੁਧਾਰ ਕੀਤਾ ਹੈ।

Posted By: Gurinder Singh