ਦੁਬਈ (ਪੀਟੀਆਈ) : ਆਈਸੀਸੀ ਵੱਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਜਲਵਾ ਕਾਇਮ ਹੈ। ਕੋਹਲੀ ਆਈਸੀਸੀ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਚੋਟੀ 'ਤੇ ਬਣੇ ਹੋਏ ਹਨ ਜਦਕਿ ਉੱਪ ਕਪਤਾਨ ਅਜਿੰਕੇ ਰਹਾਣੇ ਇਕ ਸਥਾਨ ਦੇ ਫ਼ਾਇਦੇ ਨਾਲ ਅੱਠਵੇਂ ਸਥਾਨ 'ਤੇ ਪੁੱਜ ਗਏ ਹਨ। ਕੋਹਲੀ ਦੇ 928 ਅੰਕ ਹਨ ਜਦਕਿ ਦੂਜੇ ਨੰਬਰ 'ਤੇ ਆਸਟ੍ਰੇਲੀਆ ਦੇ ਸਟੀਵ ਸਮਿਥ ਹਨ ਜੋ ਉਨ੍ਹਾਂ ਤੋਂ 17 ਅੰਕ ਪਿੱਛੇ ਹਨ। ਚੇਤੇਸ਼ਵਰ ਪੁਜਾਰਾ 791 ਅੰਕ ਲੈ ਕੇ ਛੇਵੇਂ ਸਥਾਨ 'ਤੇ ਹਨ। ਰਹਾਣੇ ਦੇ 759 ਅੰਕ ਹਨ। ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਜਸਪ੍ਰਰੀਤ ਬੁਮਰਾਹ 794 ਅੰਕ ਲੈ ਕੇ ਛੇਵੇਂ ਸਥਾਨ 'ਤੇ ਹਨ ਜਦਕਿ ਆਰ ਅਸ਼ਵਿਨ ਅੱਠਵੇਂ ਤੇ ਮੁਹੰਮਦ ਸ਼ਮੀ 10ਵੇਂ ਸਥਾਨ 'ਤੇ ਹਨ।

ਰਵਿੰਦਰ ਜਡੇਜਾ 438 ਅੰਕ ਲੈ ਕੇ ਹਰਫ਼ਨਮੌਲਾ ਦੀ ਸੂਚੀ ਵਿਚ ਤੀਜੇ ਸਥਾਨ 'ਤੇ ਹਨ। ਜ਼ਿੰਬਾਬਵੇ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿਚ 10 ਵਿਕਟਾਂ ਨਾਲ ਜਿੱਤਣ ਵਾਲੀ ਸ੍ਰੀਲੰਕਾਈ ਟੀਮ ਦੇ ਏਂਜੇਲੋ ਮੈਥਿਊਜ਼ ਚੋਟੀ ਦੇ 20 ਬੱਲੇਬਾਜ਼ਾਂ ਵਿਚ ਮੁੜ ਆਏ ਹਨ। ਜ਼ਿੰਬਾਬਵੇ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿਚ ਮੈਥਿਊਜ਼ ਨੇ ਅਜੇਤੂ 200 ਦੌੜਾਂ ਦੀ ਪਾਰੀ ਖੇਡੀ ਸੀ। ਉਹ ਅੱਠ ਸਥਾਨ ਚੜ੍ਹ ਕੇ 16ਵੇਂ ਸਥਾਨ 'ਤੇ ਹਨ। ਇੰਗਲੈਂਡ ਦੇ ਓਲੀ ਪੋਪ 52 ਸਥਾਨ ਦੀ ਛਾਲ ਲਾ ਕੇ 52ਵੇਂ ਸਥਾਨ 'ਤੇ ਹਨ। ਸੈਮ ਕੁਰਨ ਤੇ ਡੋਮ ਸਿਬਲੇ ਕ੍ਰਮਵਾਰ 64ਵੇਂ ਤੇ 76ਵੇਂ ਸਥਾਨ 'ਤੇ ਹਨ। ਬੇਨ ਸਟੋਕਸ ਹਰਫ਼ਨਮੌਲਾ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਹਨ।